#AMERICA

ਟਰੰਪ ਵੱਲੋਂ ਇਨਕਮ ਟੈਕਸ ਪ੍ਰਣਾਲੀ ਨੂੰ ਖਤਮ ਕਰਕੇ ਟੈਰਿਫ ਵਧਾਉਣ ਦਾ ਪ੍ਰਸਤਾਵ

ਕਿਹਾ: ਸਾਨੂੰ ਆਪਣੇ ਨਾਗਰਿਕਾਂ ‘ਤੇ ਟੈਕਸ ਲਾਉਣ ਦੀ ਲੋੜ ਨਹੀਂ
ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਕਈ ਮਹੱਤਵਪੂਰਨ ਫੈਸਲੇ ਲੈ ਰਹੇ ਹਨ, ਜੋ ਅਮਰੀਕਾ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਨਗੇ। ਉਹ ਦੇਸ਼ ਵਿਚ ਇਨਕਮ ਟੈਕਸ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਆਏ ਹਨ। ਇਸ ਦੌਰਾਨ ਟਰੰਪ ਨੇ ਸੋਮਵਾਰ (ਜਨਵਰੀ 28) ਨੂੰ ਇਨਕਮ ਟੈਕਸ ਪ੍ਰਣਾਲੀ ਨੂੰ ਖਤਮ ਕਰ ਕੇ ਟੈਰਿਫ ਨੂੰ ਵਧਾਉਣ ਦੀ ਗੱਲ ਕਹੀ ਹੈ।
ਟਰੰਪ ਨੇ 27 ਜਨਵਰੀ ਨੂੰ ਫਲੋਰਿਡਾ ਦੇ ਡੋਰਲ ‘ਚ ਕਰਵਾਏ 2025 ਰਿਪਬਲਿਕਨ ਇਸ਼ੂਜ਼ ਕਾਨਫਰੰਸ ‘ਚ ਇਨਕਮ ਟੈਕਸ ਵਿਵਸਥਾ ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ, ਤਾਂ ਜੋ ਅਮਰੀਕੀ ਨਾਗਰਿਕਾਂ ਦੀ ਡਿਸਪੋਜ਼ੇਬਲ ਇਨਕਮ ਨੂੰ ਵਧਾਇਆ ਜਾ ਸਕੇ। ਡਿਪੋਜ਼ੇਬਲ ਇਨਕਮ ਦਾ ਮਤਲਬ ਉਸ ਆਮਦਨ ਤੋਂ ਹੈ, ਜਿਹੜੀ ਟੈਕਸ ਤੇ ਦੂਸਰੇ ਸੋਸ਼ਲ ਸਕਿਓਰਿਟੀਜ਼ ਚਾਰਜਿਜ਼ ਦੇਣ ਨਾਲ ਬਚਦੀ ਹੈ। ਟਰੰਪ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਅਮਰੀਕਾ ‘ਚ ਉਸ ਵਿਵਸਥਾ ਨੂੰ ਵਾਪਸ ਲਿਆਂਦਾ ਜਾ ਸਕੇਗਾ, ਜਿਸ ਕਾਰਨ ਅਮਰੀਕਾ ਅਮੀਰ ਹੋਇਆ ਹੈ।
ਉਨ੍ਹਾਂ ਕਿਹਾ, ‘ਸਮਾਂ ਆ ਗਿਆ ਹੈ ਕਿ ਅਮਰੀਕਾ ਉਸ ਸਿਸਟਮ ‘ਚ ਵਾਪਸੀ ਕਰੇ, ਜਿਸ ਨੇ ਸਾਨੂੰ ਅਮੀਰ ਤੇ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਬਣਾਇਆ। ਵਿਦੇਸ਼ੀ ਰਾਸ਼ਟਰਾਂ ਨੂੰ ਖੁਸ਼ਹਾਲ ਬਣਾਉਣ ਲਈ ਸਾਡੇ ਨਾਗਰਿਕਾਂ ਤੋਂ ਟੈਕਸ ਲੈਣ ਦੀ ਬਜਾਏ, ਸਾਨੂੰ ਸਾਡੇ ਨਾਗਰਿਕਾਂ ਨੂੰ ਖੁਸ਼ਹਾਲ ਬਣਾਉਣ ਲਈ ਵਿਦੇਸ਼ੀ ਰਾਸ਼ਟਰਾਂ ‘ਤੇ ਟੈਕਸ ਲਾਉਣਾ ਚਾਹੀਦਾ।’
ਰਾਸ਼ਟਰਪਤੀ ਨੇ ਕਿਹਾ, ਅਮਰੀਕਾ ਜਲਦੀ ਹੀ ਬਹੁਤ ਅਮੀਰ ਬਣਨ ਵਾਲਾ ਹੈ। 1913 ਤੋਂ ਪਹਿਲਾਂ ਅਮਰੀਕਾ ‘ਚ ਕੋਈ ਆਮਦਨ ਟੈਕਸ ਨਹੀਂ ਸੀ ਤੇ ਟੈਰਿਫ ਪ੍ਰਣਾਲੀ ਨੇ ਸਾਨੂੰ ਅਤੀਤ ‘ਚ ਖੁਸ਼ਹਾਲ ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੇ 1870-1913 ਦੇ ਵਿਚਕਾਰ ਟੈਰਿਫ ਰਾਹੀਂ ਸਭ ਤੋਂ ਅਮੀਰ ਦੌਰ ਵੇਖਿਆ।
ਟਰੰਪ ਨੇ 1887 ਦੇ ‘ਮਹਾਨ ਟੈਰਿਫ ਆਯੋਗ’ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਉਸ ਵੇਲੇ ਅਮਰੀਕਾ ਇੰਨਾ ਧਨਵਾਨ ਸੀ ਕਿ ਸਰਕਾਰ ਨੂੰ ਇਹ ਤੈਅ ਕਰਨ ਲਈ ਆਯੋਗ ਬਣਾਉਣਾ ਪਿਆ ਕਿ ਇਸ ਪੈਸੇ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ।’
ਟੈਰਿਫ ਅਕਸਰ ਕੋਈ ਵੀ ਸਰਕਾਰ ਦਰਾਮਦ ਤੇ ਨਿਰਯਾਤ ‘ਤੇ ਲਗਾਉਂਦੀ ਹੈ। ਮਾਲ ਦੀ ਦਰਾਮਦ ‘ਤੇ ਡਿਊਟੀ ਲਾਉਣ ਨੂੰ ਵੀ ਟੈਰਿਫ ਕਿਹਾ ਜਾਂਦਾ ਹੈ। ਟੈਰਿਫ ਦੇ ਦੋ ਫਾਇਦੇ ਹਨ। ਪਹਿਲਾ, ਇਸ ਨਾਲ ਸਰਕਾਰ ਨੂੰ ਮਾਲੀਆ ਮਿਲਦਾ ਹੈ ਤੇ ਦੂਸਰਾ, ਦੇਸ਼ ਵਿਚ ਬਣੀਆਂ ਵਸਤਾਂ ਦੀ ਕੀਮਤ ਦਰਾਮਦ ਦੇ ਮੁਕਾਬਲੇ ਘੱਟ ਰਹਿਣ ਨਾਲ ਘਰੇਲੂ ਨਿਰਮਾਤਾਵਾਂ ਨੂੰ ਲਾਭ ਹੁੰਦਾ ਹੈ।