#AMERICA

ਟਰੰਪ ਵੱਲੋਂ ਇਕ ਵਾਰ ਫਿਰ ਵੀਜ਼ਾ ਨਿਯਮਾਂ ‘ਚ ਬਦਲਾਅ

ਵਿਆਹੁਤਾ ਜੋੜਿਆਂ ਲਈ ਗ੍ਰੀਨ ਕਾਰਡ ਜਾਰੀ ਕਰਨ ਦੇ ਨਿਯਮਾਂ ‘ਚ ਕੀਤੀ ਸਖਤੀ
ਵਾਸ਼ਿੰਗਟਨ, 6 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵੀਜ਼ਾ ਨਿਯਮਾਂ ਵਿਚ ਬਦਲਾਅ ਕੀਤਾ ਹੈ। ਵਿਆਹੁਤਾ ਜੋੜਿਆਂ ਲਈ ਗ੍ਰੀਨ ਕਾਰਡ ਜਾਰੀ ਕਰਨ ਦੇ ਨਿਯਮ ਸਖ਼ਤ ਕਰ ਦਿੱਤੇ ਹਨ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਪਰਿਵਾਰਕ ਇਮੀਗ੍ਰੈਂਟ ਵੀਜ਼ਾ ਅਰਜ਼ੀਆਂ, ਖਾਸ ਕਰਕੇ ਵਿਆਹੇ ਗ੍ਰੀਨ ਕਾਰਡ ਧਾਰਕਾਂ ਲਈ ਤਸਦੀਕ ਪ੍ਰਕਿਰਿਆ ਨੂੰ ਸਖ਼ਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਨਿਯਮ ਧੋਖਾਧੜੀ ਵਾਲੀਆਂ ਅਰਜ਼ੀਆਂ, ਦੇਸ਼ ‘ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਵਿਚ ਮਦਦ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਸਿਰਫ਼ ਅਸਲੀ ਵਿਆਹੇ ਜੋੜਿਆਂ ਨੂੰ ਹੀ ਗ੍ਰੀਨ ਕਾਰਡਾਂ ਲਈ ਪ੍ਰਵਾਨਗੀ ਦਿੱਤੀ ਜਾਵੇ। ਇਹ ਨਵੇਂ ਦਿਸ਼ਾ-ਨਿਰਦੇਸ਼ ਬੀਤੇਂ ਦਿਨੀ 1 ਅਗਸਤ ਨੂੰ ਯੂ.ਐੱਸ.ਸੀ.ਆਈ.ਐੱਸ. ਦੇ ਮੈਨੂਅਲ ਵਿਚ ਲਾਗੂ ਕੀਤੇ ਗਏ ਹਨ। ਇਹ ਨਿਯਮ ਮੌਜੂਦਾ ਵਿਚਾਰ ਅਧੀਨ ਅਰਜ਼ੀਆਂ ਦੇ ਨਾਲ-ਨਾਲ ਨਵੀਆਂ ਅਰਜ਼ੀਆਂ ‘ਤੇ ਵੀ ਲਾਗੂ ਹੁੰਦੇ ਹਨ।
ਨਵੇਂ ਨਿਯਮ ਤਹਿਤ ਧੋਖਾਧੜੀ ਵਾਲੀਆਂ ਜਾਂ ਅਯੋਗ ਅਰਜ਼ੀਆਂ ‘ਤੇ ਸਖ਼ਤ ਕਾਰਵਾਈ ਹੋਵੇਗੀ। ਇਸ ਵਿਚ ਮਾੜੇ ਇਰਾਦਿਆਂ ਵਾਲੇ ਪ੍ਰਵਾਸੀਆਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਲਈ ਕਦਮ ਚੁੱਕ ਕੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਨਾਲ ਹੀ ਪਰਿਵਾਰਕ ਵੀਜ਼ਾ ਅਰਜ਼ੀਆਂ ਲਈ ਯੋਗਤਾ ਤਸਦੀਕ, ਸਮੀਖਿਆ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਵਿਚ ਸੁਧਾਰ ਕੀਤਾ ਜਾਵੇਗਾ। ਇਕ ਅਸਲੀ ਵਿਆਹ ਦੇ ਸਬੂਤ ਲਈ ਸਹੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚ ਫੋਟੋਆਂ, ਦੋਵਾਂ ਧਿਰਾਂ ਦੀਆਂ ਵਿੱਤੀ ਵੇਰਵੇ, ਜਿਵੇਂ ਕਿ ਬੈਂਕ ਖਾਤੇ, ਜਾਇਦਾਦ ਅਤੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਹਲਫਨਾਮੇ ਸ਼ਾਮਲ ਹਨ। ਇਸ ਦੇ ਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਇਹ ਨਿਰਧਾਰਤ ਕਰਨ ਲਈ ਨਿੱਜੀ ਇੰਟਰਵਿਊ ਵਿਚ ਸ਼ਾਮਲ ਹੋਣਾ ਹੈ ਕਿ ਕੀ ਇਹ ਵਿਆਹੁਤਾ ਰਿਸ਼ਤਾ ਸੱਚਾ ਹੈ, ਜਿਸ ਵਿਚ ਪੁਰਾਣੀਆਂ ਅਰਜ਼ੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਹ ਕਿਸੇ ਵੀ ਬੇਨਿਯਮੀਆਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ।
ਲੋਕਾਂ ਦੇ ਪਿਛੋਕੜ ਦੀ ਜਾਂਚ ਵੀ ਹੋਵੇਗੀ, ਜੋ ਵਿਆਹ ਰਾਹੀਂ ਅਮਰੀਕਾ ਵਿਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਹਨ, ਖਾਸ ਕਰਕੇ ਉਹ ਜਿਹੜੇ ਪਹਿਲਾਂ ਹੀ ਐੱਚ-1ਬੀ ਵਰਗੇ ਹੋਰ ਵੀਜ਼ਾ ‘ਤੇ ਅਮਰੀਕਾ ਵਿਚ ਹਨ। ਜੇਕਰ ਕਿਸੇ ਦੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਅਤੇ ਉਹ ਦੇਸ਼ ਤੋਂ ਕੱਢਣ ਲਈ ਅਯੋਗ ਜਾਂ ਯੋਗ ਪਾਇਆ ਜਾਂਦਾ ਹੈ, ਤਾਂ ਇੱਕ ਨੋਟਿਸ ਟੂ ਅਪੀਅਰ ਵੀ ਜਾਰੀ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਇੱਕ ਨੋਟਿਸ ਵੀ ਭੇਜਿਆ ਜਾਵੇਗਾ।