#AMERICA

ਟਰੰਪ ਵੱਲੋਂ ਅਮਰੀਕੀ ਟੈੱਕ ਕੰਪਨੀਆਂ ਦੀ ਚੀਨ ‘ਚ ਫੈਕਟਰੀਆਂ ਬਣਾਉਣ ਅਤੇ ਭਾਰਤੀ ਵਰਕਰਾਂ ਨੂੰ ਕੰਮ ‘ਤੇ ਰੱਖਣ ਲਈ ਆਲੋਚਨਾ

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ‘ਚ ਫੈਕਟਰੀਆਂ ਬਣਾਉਣ ਅਤੇ ਭਾਰਤ ‘ਚ ਵਰਕਰਾਂ ਨੂੰ ਕੰਮ ‘ਤੇ ਰੱਖਣ ਲਈ ਅਮਰੀਕੀ ਟੈੱਕ ਕੰਪਨੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟੈੱਕ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਦਿਨ ਹੁਣ ਪੂਰੇ ਹੋ ਗਏ ਹਨ।
ਟਰੰਪ ਨੇ ਇਹ ਟਿੱਪਣੀਆਂ ਏ.ਆਈ. ਸਿਖਰ ਸੰਮੇਲਨ ਦੌਰਾਨ ਕੀਤੀਆਂ, ਜਿਥੇ ਉਨ੍ਹਾਂ ਮਸਨੂਈ ਬੌਧਿਕਤਾ (ਏ.ਆਈ.) ਨਾਲ ਸਬੰਧਤ ਤਿੰਨ ਹੁਕਮਾਂ ‘ਤੇ ਕਾਰਜਕਾਰੀ ਦਸਤਖ਼ਤ ਕੀਤੇ, ਜਿਨ੍ਹਾਂ ‘ਚੋਂ ਇਕ ਵ੍ਹਾਈਟ ਹਾਊਸ ‘ਚ ਏ.ਆਈ. ਦੀ ਵਰਤੋਂ ਸਬੰਧੀ ਕਾਰਜ ਯੋਜਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਅਮਰੀਕਾ ਦੀ ਜ਼ਿਆਦਾਤਰ ਤਕਨਾਲੋਜੀ ਸਨਅਤ ‘ਕੱਟੜਪੰਥੀ ਵਿਸ਼ਵੀਕਰਨ’ ਦੀਆਂ ਲੀਹਾਂ ‘ਤੇ ਤੁਰਦੀ ਰਹੀ, ਜਿਸ ਕਾਰਨ ਲੱਖਾਂ ਅਮਰੀਕੀ ਇਹ ਮਹਿਸੂਸ ਕਰਦੇ ਰਹੇ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।