ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- ਵਿਸ਼ਵ ਸ਼ਾਂਤੀ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਰੂਸ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਵਾਲੀ ਆਖਰੀ ਬਚੀ ਹੋਈ ਸੰਧੀ ‘ਨਿਊ ਸਟਾਰਟ’ ਦੀ ਮਿਆਦ 5 ਫਰਵਰੀ 2026 ਨੂੰ ਅਧਿਕਾਰਤ ਤੌਰ ‘ਤੇ ਖ਼ਤਮ ਹੋ ਗਈ ਹੈ। 50 ਸਾਲਾਂ ਤੋਂ ਵੀ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਹੈ, ਜਦੋਂ ਦੁਨੀਆਂ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਪ੍ਰਮਾਣੂ ਸ਼ਕਤੀਆਂ ‘ਤੇ ਹਥਿਆਰਾਂ ਦੀ ਗਿਣਤੀ ਨੂੰ ਲੈ ਕੇ ਕੋਈ ਕਾਨੂੰਨੀ ਪਾਬੰਦੀ ਨਹੀਂ ਰਹੀ।
ਰਿਪੋਰਟਾਂ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਸੰਧੀ ਨੂੰ ਇੱਕ ਸਾਲ ਲਈ ਹੋਰ ਵਧਾਉਣ ਦੀ ਪੇਸ਼ਕਸ਼ ਕੀਤੀ ਸੀ, ਤਾਂ ਜੋ ਮੌਜੂਦਾ ਸਥਿਤੀ ਬਣੀ ਰਹੇ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਦਾ ਮੰਨਣਾ ਹੈ ਕਿ ਇਹ ਸੰਧੀ ਪੁਰਾਣੀ ਹੋ ਚੁੱਕੀ ਹੈ ਅਤੇ ਉਹ ਇੱਕ ਬਿਹਤਰ ਅਤੇ ਨਵਾਂ ਸਮਝੌਤਾ ਚਾਹੁੰਦੇ ਹਨ, ਜਿਸ ਵਿਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਵੇ।
ਇਹ ਸੰਧੀ ਖ਼ਤਮ ਹੋਣ ਨਾਲ ਹੁਣ ਦੋਵੇਂ ਦੇਸ਼ ਆਪਣੇ ਪ੍ਰਮਾਣੂ ਵਾਰਹੈੱਡਾਂ ਅਤੇ ਮਿਜ਼ਾਈਲਾਂ ਦੀ ਗਿਣਤੀ ਵਧਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਤੇ ਨਾਲ ਹੀ ਦੋਵੇਂ ਦੇਸ਼ ਇੱਕ-ਦੂਜੇ ਦੇ ਪ੍ਰਮਾਣੂ ਟਿਕਾਣਿਆਂ ਦੀ ਜਾਂਚ ਕਰ ਸਕਦੇ ਸਨ, ਪਰ ਹੁਣ ਇਹ ਪਾਰਦਰਸ਼ਤਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਮਾਹਿਰਾਂ ਅਨੁਸਾਰ, ਨਿਯਮਾਂ ਦੀ ਅਣਹੋਂਦ ਵਿਚ ਗਲਤਫਹਿਮੀ ਜਾਂ ਤਣਾਅ ਕਾਰਨ ਪ੍ਰਮਾਣੂ ਜੰਗ ਛਿੜਨ ਦਾ ਖ਼ਤਰਾ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਹੈ।
ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਇਸ ਨੂੰ ਅੰਤਰਰਾਸ਼ਟਰੀ ਸੁਰੱਖਿਆ ਲਈ ਇੱਕ ‘ਗੰਭੀਰ ਪਲ’ ਦੱਸਿਆ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਨਵੀਂ ਗੱਲਬਾਤ ਸ਼ੁਰੂ ਕਰਨ, ਤਾਂ ਜੋ ਦੁਨੀਆਂ ਨੂੰ ਕਿਸੇ ਵੱਡੀ ਤਬਾਹੀ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਰੂਸ ਅਤੇ ਅਮਰੀਕਾ ਕੋਲ ਦੁਨੀਆਂ ਦੇ ਲਗਭਗ 90 ਫ਼ੀਸਦੀ ਪ੍ਰਮਾਣੂ ਹਥਿਆਰ ਹਨ। ਇਸ ਸੰਧੀ ਦੇ ਖ਼ਤਮ ਹੋਣ ਨਾਲ ਹੁਣ ਪੂਰੀ ਦੁਨੀਆਂ ਵਿਚ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ।
ਟਰੰਪ ਵੱਲੋਂ ਅਮਰੀਕਾ-ਰੂਸ ਵਿਚਾਲੇ ਖ਼ਤਮ ਹੋਈ ਸੰਧੀ ਨੂੰ ਮੁੜ ਸ਼ੁਰੂ ਕਰਨ ਤੋਂ ਇਨਕਾਰ
