ਵਾਸ਼ਿੰਗਟਨ, 28 ਨਵੰਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਜੈਕ ਸਮਿੱਥ ਵੱਲੋਂ ਕੀਤੀ ਬੇਨਤੀ ਉਪਰੰਤ ਇਕ ਸੰਘੀ ਜੱਜ ਨੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵਿਰੁੱਧ 2020 ਦੀਆਂ ਚੋਣਾਂ ਦੇ ਨਤੀਜ਼ੇ ਬਦਲਣ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ‘ਚ ਲਗਾਏ ਸਾਰੇ ਦੋਸ਼ ਰੱਦ ਕਰ ਦਿੱਤੇ ਹਨ। ਯੂ.ਐੱਸ. ਡਿਸਟ੍ਰਿਕਟ ਜੱਜ ਤਾਨੀਆ ਚੁਟਕਨ ਨੇ ਨਿਆਂ ਵਿਭਾਗ ਦੀ ਬੇਨਤੀ ਨਾਲ ਸਹਿਮਤੀ ਪ੍ਰਗਟਾਉਣ ਉਪਰੰਤ ਆਪਣਾ ਫੈਸਲਾ ਸੁਣਾਇਆ। ਬੀਤੇ ਦਿਨੀਂ ਸਮਿਥ ਵੱਲੋਂ ਜੱਜ ਨੂੰ ਮਾਮਲੇ ਵਿਚ ਸਾਰੀ ਕਾਰਵਾਈ ਰੋਕ ਦੇਣ ਲਈ ਕਹਿ ਜਾਣ ਉਪਰੰਤ ਉਕਤ ਬੇਨਤੀ ਦੀ ਆਸ ਕੀਤੀ ਜਾ ਰਹੀ ਸੀ, ਕਿਉਂਕਿ ਨਿਆਂ ਵਿਭਾਗ ਦੀ ਨੀਤੀ ਅਨੁਸਾਰ ਮੌਜੂਦਾ ਰਾਸ਼ਟਰਪਤੀ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। 5 ਨਵੰਬਰ ਨੂੰ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਉਪਰੰਤ ਉਨ੍ਹਾਂ ਵਿਰੁੱਧ ਦਾਇਰ ਸੰਘੀ ਮਾਮਲਾ ਕਿਸੇ ਵੇਲੇ ਵੀ ਵਾਪਸ ਲਏ ਜਾਣ ਦੀ ਆਸ ਕੀਤੀ ਜਾ ਰਹੀ ਸੀ। ਸਮਿੱਥ ਨੇ ਆਪਣੇ 6 ਸਫ਼ਿਆਂ ਦੀ ਬੇਨਤੀ ਵਿਚ ਲਿਖਿਆ ਹੈ ਕਿ ਨਿਆਂ ਵਿਭਾਗ ਦੀ ਇਹ ਨੀਤੀ ਹੈ ਕਿ ਅਮਰੀਕੀ ਸੰਵਿਧਾਨ ਮੌਜੂਦਾ ਰਾਸ਼ਟਰਪਤੀ ਵਿਰੁੱਧ ਸੰਘੀ ਦੋਸ਼ਾਂ ‘ਤੇ ਅਪਰਾਧਿਕ ਮੁਕੱਦਮੇ ਦੀ ਇਜਾਜ਼ਤ ਨਹੀਂ ਦਿੰਦਾ। ਇਹ ਰੋਕ ਸਪੱਸ਼ਟ ਹੈ, ਜਿਸ ਅਨੁਸਾਰ ਅਪਰਾਧ ਦੀ ਗੰਭੀਰਤਾ ਨੂੰ ਨਹੀਂ ਵੇਖਿਆ ਜਾਂਦਾ ਅਤੇ ਨਾ ਹੀ ਮੁਕੱਦਮੇ ਵਿਚ ਪੇਸ਼ ਸਬੂਤਾਂ ਜਾਂ ਗੁਣਾਂ ਦੋਸ਼ਾਂ ਵੱਲ ਤਵੱਜੋਂ ਦਿੱਤੀ ਜਾਂਦੀ ਹੈ।
ਇਸ ਫੈਸਲੇ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਟਰੰਪ ਦੇ ਬੁਲਾਰੇ ਸਟੀਵਨ ਚੇਓਂਗ ਨੇ ਕਿਹਾ ਹੈ ਕਿ ਨਿਆਂ ਵਿਭਾਗ ਵੱਲੋਂ ਰਾਸ਼ਟਰਪਤੀ ਟਰੰਪ ਵਿਰੁੱਧ ਗੈਰ-ਸੰਵਿਧਾਨਕ ਸੰਘੀ ਮਾਮਲੇ ਖਤਮ ਕਰਨਾ ਦਾ ਫੈਸਲਾ ਨਿਆਂ ਵਿਵਸਥਾ ਦੀ ਵੱਡੀ ਜਿੱਤ ਹੈ। ਉਪ ਰਾਸ਼ਟਰਪਤੀ ਚੁਣੇ ਗਏ ਜੇ.ਡੀ. ਵੈਂਸ ਨੇ ਕਿਹਾ ਹੈ ਕਿ ਜੇਕਰ ਟਰੰਪ ਚੋਣ ਹਾਰ ਜਾਂਦੇ ਤਾਂ ਉਸ ਨੂੰ ਆਪਣੀ ਬਾਕੀ ਬਚੀ ਜ਼ਿੰਦਗੀ ਸਲਾਖਾਂ ਪਿੱਛੇ ਕੱਟਣੀ ਪੈਣੀ ਸੀ।
ਚੀਨ, ਕੈਨੇਡਾ, ਮੈਕਸੀਕੋ ਤੋਂ ਦਰਾਮਦਗੀ ‘ਤੇ ਲੱਗੇਗਾ ਟੈਕਸ : ਟਰੰਪ
ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 25 ਫ਼ੀਸਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ 10 ਫ਼ੀਸਦੀ ਟੈਕਸ ਲੱਗੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਇਨ੍ਹਾਂ ਤਿੰਨਾਂ ਦੇਸ਼ਾਂ ‘ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਸਭ ਜਾਣਦੇ ਹਨ ਕਿ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਹੋ ਕੇ ਆਉਂਦੇ ਹਨ ਅਤੇ ਨਸ਼ੀਲੇ ਪਦਾਰਥ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਆਪਣੇ ਪਹਿਲੇ ਕਾਰਜਕਾਰੀ ਆਦੇਸ਼ਾਂ ਵਿਚ ਇਕ ਦੇ ਰੂਪ ਵਿਚ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 25 ਪ੍ਰਤੀਸ਼ਤ ਟੈਕਸ ਵਾਲੀਆਂ ਫਾਈਲਾਂ ‘ਤੇ ਹਸਤਾਖ਼ਰ ਕਰਾਂਗਾ ਅਤੇ ਇਹ ਟੈਕਸ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਨਸ਼ੀਲੇ ਪਦਾਰਥ ਖਾਸਕਰ ਫੈਂਟਾਨਿਲ ਅਤੇ ਵਿਦੇਸ਼ੀ ਇਹ ਸਭ ਕਰਨਾ ਬੰਦ ਨਹੀਂ ਕਰ ਦਿੰਦੇ।
ਉਨ੍ਹਾਂ ਕਿਹਾ, ”ਮੈਕਸੀਕੋ ਅਤੇ ਕੈਨੇਡਾ ਦੋਵਾਂ ਦੇਸ਼ਾਂ ਕੋਲ ਲੰਮੇ ਸਮੇਂ ਤੋਂ ਜਾਰੀ ਇਸ ਸਮੱਸਿਆ ਨੂੰ ਅਸਾਨੀ ਨਾਲ ਹੱਲ ਕਰਨ ਦਾ ਪੂਰਾ ਅਧਿਕਾਰ ਅਤੇ ਸ਼ਕਤੀ ਹੈ, ਅਸੀਂ ਮੰਗ ਕਰਦੇ ਹਾਂ ਉਹ ਅਪਣੀ ਸ਼ਕਤੀਆਂ ਦੀ ਵਰਤੋਂ ਕਰਨ ਨਹੀਂ ਤਾਂ ਉਦੋਂ ਤੱਕ ਉਨ੍ਹਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।”
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਫ਼ੌਜ ਦੀ ਵਰਤੋਂ ਕਰਨਾ ਅਣਉੱਚਿਤ
ਰਿਪਬਲੀਕਨ ਸੈਨੇਟ ਮੈਂਬਰ ਰੈਂਡ ਪਾਲ ਨੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਣ ਲਈ ਫ਼ੌਜ ਦੀ ਵਰਤੋਂ ਕਰਨ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਅਜਿਹਾ ਕਰਨਾ ਅਣਉੱਚਿਤ ਹੋਵੇਗਾ। ਪਿਛਲੇ ਹਫ਼ਤੇ ਟਰੰਪ ਵਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਲਈ ਫ਼ੌਜ ਦੀ ਵਰਤੋਂ ਕਰਨ ਦਾ ਸੰਕੇਤ ਦੇਣ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਰੈਂਡ ਪਾਲ ਨੇ ਕਿਹਾ ਕਿ ਤੁਸੀਂ ਇਸ ਕੰਮ ਲਈ ਫ਼ੌਜ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਇਹ ਗ਼ੈਰ-ਕਾਨੂੰਨੀ ਹੈ। ਪਾਲ ਇਕ ਪ੍ਰੋਗਰਾਮ ਵਿਚ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨਿਊਯਾਰਕ ਵਿਚ ਸੈਮੀ- ਆਟੋਮੈਟਿਕ ਹਥਿਆਰਾਂ ਨਾਲ ਲੈਸ ਫ਼ੌਜ ਭੇਜੋਗੇ, ਤਾਂ ਮੇਰਾ ਵਿਚਾਰ ਹੈ ਕਿ ਇਹ ਦ੍ਰਿਸ਼ ਬਹੁਤ ਖੌਫ਼ਨਾਕ ਹੋਵੇਗਾ, ਮੈਂ ਇਸ ਦਾ ਵਿਰੋਧ ਕਰਾਂਗਾ। ਬੀਤੇ ਸਮੇਂ ਦੌਰਾਨ ਆਪਣੀ ਪਾਰਟੀ ਵਿਚ ਇਸ ਸਬੰਧੀ ਵਿਚਾਰ-ਵਟਾਂਦਰੇ ਸਮੇਂ ਪਾਲ ਨੇ ਅਪਰਾਧਿਕ ਰਿਕਾਰਡ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਸਮਰਥਨ ਕੀਤਾ ਸੀ, ਪ੍ਰੰਤੂ ਉਨ੍ਹਾਂ ਕਿਹਾ ਸੀ ਕਿ ਲਾਅ ਐਨਫੋਰਸਮੈਂਟ ਏਜੰਸੀਆਂ ਇਹ ਕੰਮ ਵਧੀਆ ਢੰਗ ਨਾਲ ਕਰ ਸਕਦੀਆਂ ਹਨ, ਜਦਕਿ ਫ਼ੌਜ ਨੂੰ ਇਹ ਕੰਮ ਸੌਂਪਣ ਨਾਲ ਬੇਭਰੋਸਗੀ ਪੈਦਾ ਹੋਵੇਗੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਟਰੰਪ ਵਲੋਂ ਹੋਮਲੈਂਡ ਸਕਿਓਰਿਟੀ ਵਿਭਾਗ ਲਈ ਨਾਮਜ਼ਦ ਕੀਤੇ ਗਏ ਦੱਖਣੀ ਡਕੋਟਾ ਦੇ ਗਵਰਨਰ ਕ੍ਰਿਸਟੀ ਨੋਏਮ ਦੀ ਸੈਨੇਟ ਦੁਆਰਾ ਪੁਸ਼ਟੀ ਸਮੇਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਤਾਂ ਉਨ੍ਹਾਂ ਕਿਹਾ ਕਿ ਮੈਂ ਸਮਰਥਨ ਨਹੀਂ ਕਰਾਂਗਾ, ਮੈਂ ਸਾਡੇ ਸ਼ਹਿਰਾਂ ਵਿਚ ਫ਼ੌਜ ਦੀ ਵਰਤੋਂ ਕਰਨ ਦੇ ਹੱਕ ਵਿਚ ਵੋਟ ਨਹੀਂ ਪਾਵਾਂਗਾ।
ਇਥੇ ਜ਼ਿਕਰਯੋਗ ਹੈ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣਾ ਟਰੰਪ ਦਾ ਅਹਿਮ ਚੋਣ ਮੁੱਦਾ ਰਿਹਾ ਹੈ ਤੇ ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਅਗਲੇ ਸਾਲ 20 ਜਨਵਰੀ ਨੂੰ ਸਹੁੰ ਚੁੱਕਣ ਉਪਰੰਤ ਉਹ ਪਹਿਲ ਦੇ ਆਧਾਰ ‘ਤੇ ਅਮਰੀਕਾ ਦੇ ਇਤਿਹਾਸ ਵਿਚ ਦੇਸ਼ ਨਿਕਾਲੇ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕਰਨਗੇ। ਉਨ੍ਹਾਂ ਪਿਛਲੇ ਹਫ਼ਤੇ ਸੋਸ਼ਲ ਮੀਡੀਆ ਉੱਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਕੌਮੀ ਹੰਗਾਮੀ ਸਥਿਤੀ ਦਾ ਐਲਾਨ ਕਰਨਗੇ ਤੇ ਅਮਰੀਕਾ ਵਿਚ ਰਹਿ ਰਹੇ ਵੱਡੀ ਗਿਣਤੀ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ਲਾਗੂ ਕਰਨ ਲਈ ਫ਼ੌਜ ਦੀ ਵਰਤੋਂ ਕਰਨਗੇ।