-ਅਮਰੀਕਾ ਛੱਡ ਪ੍ਰਵਾਸੀ ਲਾਉਣ ਲੱਗੇ ਕੈਨੇਡਾ ਦੀ ਡੰਕੀ; 1 ਵਿਅਕਤੀ ਦੀ ਮੌਤ
– ਪੁਲਿਸ ਵੱਲੋਂ 5 ਬੱਚਿਆਂ ਸਮੇਤ 15 ਲੋਕ ਕਾਬੂ
ਟੋਰਾਂਟੋ, 10 ਫਰਵਰੀ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਵਲੋਂ ਗ਼ੈਰ ਕਾਨੂੰਨੀ ਇਮੀਗਰੈਂਟਸ ‘ਤੇ ਸਖ਼ਤੀ ਤੋਂ ਬਾਅਦ ਅਮਰੀਕਾ-ਕੈਨੇਡਾ ਸਰਹੱਦ ‘ਤੇ ਹਲਚਲ ਵਧ ਗਈ ਹੈ। ਬੀਤੇ ਕੁਝ ਦਿਨਾਂ ਅਜਿਹੀਆਂ ਹੀ ਤਿੰਨ ਘਟਨਾਵਾਂ ਵਾਪਰੀਆਂ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵਲੋਂ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿਚ 5 ਬੱਚੇ ਵੀ ਸ਼ਾਮਲ ਹਨ। ਕੁਝ ਦਿਨਾਂ ਅੰਦਰ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡੀਅਨ ਪੁਲਿਸ ਵੀ ਚੌਕਸ ਹੋ ਗਈ ਹੈ। ਪੁਲਿਸ ਵਲੋਂ ਬਾਰਡਰ ਲਾਗੇ ਚੌਕਸੀ ਵਰਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਡੰਕੀ ਲਗਾ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਨਾ ਹੋ ਸਕੇ ਭਾਵ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਨਾ ਆਵੇ।
ਗੈਰ-ਕਾਨੂੰਨੀ ਦਾਖਲ ਹੋਣ ਦੇ ਜੋ ਮਾਮਲੇ ਬੀਤੇ ਦਿਨੀਂ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਪਹਿਲੇ ਮਾਮਲੇ ‘ਚ ਅਲਬਰਟਾ ਵਿਚ ਕਾਉਟਸ ਬਾਰਡਰ ਕਰਾਸਿੰਗ ‘ਤੇ ਸੰਯੁਕਤ ਰਾਜ ਤੋਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਹਾਇਕ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਦੱਸਿਆ ਕਿ ਜਦੋਂ ਉਹ ਸਵੇਰੇ 7:45 ਵਜੇ ਪਹੁੰਚੇ ਤਾਂ ਉਸ ਵਿਅਕਤੀ ਨੂੰ ਸਰਹੱਦੀ ਕਰਾਸਿੰਗ ‘ਤੇ ਸੈਕੰਡਰੀ ਨਿਰੀਖਣ ਲਈ ਭੇਜਿਆ ਗਿਆ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਨਿਰੀਖਣ ਲਈ ਰੁਕੇ ਬਿਨਾਂ ਆਪਣੀ ਗੱਡੀ ਵਿਚ ਉੱਤਰ ਵੱਲ ਕੈਨੇਡਾ ਵਿਚ ਚਲਾ ਗਿਆ। ਆਰਡਰ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੂੰ ਕਿ ਕਾਉਟਸ ਤੋਂ ਲਗਭਗ 80 ਕਿਲੋਮੀਟਰ ਦੂਰ ਰੇਮੰਡ, ਅਲਟਾ ਦੇ ਨੇੜੇ ਵਾਹਨ ਲੱਭ ਗਿਆ।
ਪੁਲਿਸ ਨੇ ਰੇਮੰਡ ਤੋਂ ਲੈਥਬ੍ਰਿਜ, ਅਲਟਾ ਤੱਕ ਉਸ ਵਿਅਕਤੀ ਦਾ ਪਿੱਛਾ ਕੀਤਾ। ਅਖੀਰ ਵਿਚ ਮਿਲਕ ਰਿਵਰ, ਅਲਟਾ ਦੇ ਨੇੜੇ ਇੱਕ ਟਾਇਰ ਡੀਫਲੇਸ਼ਨ ਡਿਵਾਈਸ ਤਾਇਨਾਤ ਕੀਤੀ ਗਈ, ਜੋ ਕਿ ਰੇਮੰਡ ਤੋਂ ਲਗਭਗ 60 ਕਿਲੋਮੀਟਰ ਦੂਰ ਹੈ, ਜਿਸ ਨਾਲ ਉਸ ਦੀ ਗੱਡੀ ਰੁੱਕ ਗਈ। ਜਿੱਥੋਂ ਉਹ ਆਦਮੀ ਪੈਦਲ ਹੀ ਘਟਨਾ ਸਥਾਨ ਤੋਂ ਭੱਜ ਗਿਆ ਤੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਅੱਗੇ ਜਾ ਕੇ ਪੁਲਿਸ ਨੂੰ ਉਹ ਜ਼ਖ਼ਮੀ ਹਾਲਤ ਵਿਚ ਮਿਲਿਆ, ਲੱਗ ਰਿਹਾ ਸੀ ਕਿ ਉਸਨੇ ਖ਼ੁਦ ਨੂੰ ਕਿਸੇ ਹਥਿਆਰ ਨਾਲ ਜ਼ਖ਼ਮੀ ਕੀਤਾ ਸੀ। ਮੌਕੇ ‘ਤੇ ਹੀ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਉਥੇ ਹੀ ਜੇਕਰ ਦੂਜੀ ਘਟਨਾ ਦੀ ਗੱਲ ਕਰੀਏ, ਤਾਂ ਦੂਜਾ ਮਾਮਲਾ ਅਲਟਾ ਕੌਟਸ ਇਲਾਕੇ ਦੇ ਨੇੜਿਓਂ ਸਾਹਮਣੇ ਆਇਆ। ਇਸ ਬਾਰੇ ਸਹਾਇਕ ਕਮਿਸ਼ਨਰ ਮੋਰਲੈਂਡ ਨੇ ਕਿਹਾ ਕਿ ਚਾਰ ਬਾਲਗ ਅਤੇ ਪੰਜ ਬੱਚੇ ਬੀਤੇ ਦਿਨੀਂ ਸਵੇਰੇ 6:15 ਵਜੇ ਦੇ ਕਰੀਬ ਅਲਟਾ ਦੇ ਕੌਟਸ ਦੇ ਨੇੜੇ ਪੈਦਲ ਸਰਹੱਦ ਪਾਰ ਕਰਦੇ ਹੋਏ ਪਾਏ ਗਏ ਸਨ। ਸਾਰਿਆਂ ਨੂੰ ਕਸਟਮ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਾਰਵਾਈ ਲਈ ਸੀ.ਬੀ.ਐੱਸ.ਏ. (ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ) ਨੂੰ ਸੌਂਪ ਦਿੱਤਾ ਗਿਆ ਸੀ।
ਇਸੇ ਤਰੀਕੇ ਤੀਜੀ ਘਟਨਾ 14 ਜਨਵਰੀ ਦੀ ਦੱਸੀ ਜਾ ਰਹੀ ਹੈ, ਜੋ ਮੈਨੀਟੋਬਾ ਬਾਰਡਰ ਕਰਾਸਿੰਗ ‘ਤੇ ਵਾਪਰੀ ਸੀ। ਜਿੱਥੇ ਛੇ ਲੋਕਾਂ ਨੇ ਐਮਰਸਨ, ਮੈਨ ਤੋਂ ਲਗਭਗ 15 ਕਿਲੋਮੀਟਰ ਪੂਰਬ ਵਿਚ ਪੈਦਲ ਸਰਹੱਦ ਪਾਰ ਕੀਤੀ। ਕੈਨੇਡੀਅਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਵਲੋਂ ਸਮੂਹ ਬਾਰੇ ਚੇਤਾਵਨੀ ਦਿੱਤੀ ਗਈ ਸੀ। ਆਰ.ਸੀ.ਐੱਮ.ਪੀ. ਅਧਿਕਾਰੀਆਂ ਨੇ ਤੁਰੰਤ ਸਮੂਹ ਦੀ ਭਾਲ ਸ਼ੁਰੂ ਕਰ ਦਿੱਤੀ, ਜੋ ਨੇੜਲੇ ਜੰਗਲਾਂ ਵਿਚ ਭੱਜ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਟਰੰਪ ਵਲੋਂ ਗ਼ੈਰ ਕਾਨੂੰਨੀ ਇਮੀਗਰੈਂਟਸ ‘ਤੇ ਸਖ਼ਤੀ ਤੋਂ ਬਾਅਦ ਅਮਰੀਕਾ-ਕੈਨੇਡਾ ਸਰਹੱਦ ‘ਤੇ ਵਧੀ ਹਲਚਲ
