ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਲਾਜ਼ਮੀ ਬਣਾਉਣ ਦੀ ਯੋਜਨਾ
ਨਿਊਯਾਰਕ, 30 ਮਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਨਵੇਂ ਸਟੂਡੈਂਟ ਵੀਜ਼ਿਆਂ ਲਈ ਇੰਟਰਵਿਊ ਰੋਕਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਅਮਰੀਕਾ ਨੇ ਵਿਦੇਸ਼ ‘ਚ ਆਪਣੇ ਸਫ਼ਾਰਤਖਾਨਿਆਂ ਅਤੇ ਕੌਂਸਲਖਾਨਿਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਅਰਜ਼ੀਕਾਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਲਾਜ਼ਮੀ ਬਣਾਈ ਜਾ ਰਹੀ ਹੈ। ਉਂਝ ਅਮਰੀਕਾ ਨੇ ਕਿਹਾ ਕਿ ਮੁਲਕ ‘ਚ ਆਉਣ ਵਾਲੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਦੀ ਜਾਂਚ ਲਈ ਹਰ ਸੰਭਵ ਤਰੀਕੇ ਅਪਣਾਏ ਜਾ ਰਹੇ ਹਨ। ਇਕ ਰਿਪੋਰਟ ‘ਚ ਕਿਹਾ ਗਿਆ, ”ਟਰੰਪ ਪ੍ਰਸ਼ਾਸਨ ਅਮਰੀਕਾ ‘ਚ ਪੜ੍ਹਾਈ ਲਈ ਅਪਲਾਈ ਕਰਨ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਦੇ ਅਮਲ ਨੂੰ ਲਾਜ਼ਮੀ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ।” ਰਿਪੋਰਟ ‘ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ ਅਮਰੀਕੀ ਸਫ਼ਾਰਤਖਾਨਿਆਂ ਅਤੇ ਕੌਂਸਲਖਾਨਿਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਸਟੂਡੈਂਟ ਵੀਜ਼ਾ ਅਰਜ਼ੀਕਾਰਾਂ ਲਈ ਨਵੇਂ ਇੰਟਰਵਿਊ ਲੈਣ ‘ਤੇ ਫਿਲਹਾਲ ਰੋਕ ਲਗਾ ਦੇਣ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਟੈਮੀ ਬਰੂਸ ਤੋਂ ਮੰਗਲਵਾਰ ਨੂੰ ਪੱਤਰਕਾਰਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਸੰਭਾਵਿਤ ਫ਼ੈਸਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਬਾਰੇ ਕੋਈ ਖੁੱਲ੍ਹ ਕੇ ਗੱਲਬਾਤ ਨਹੀਂ ਹੋਈ ਹੈ।
ਟਰੰਪ ਪ੍ਰਸ਼ਾਸਨ ਵੱਲੋਂ ਨਵੇਂ ਵਿਦਿਆਰਥੀ ਵੀਜ਼ਿਆਂ ਲਈ ਇੰਟਰਵਿਊ ‘ਤੇ ਰੋਕ
