#AMERICA

ਟਰੰਪ ਪ੍ਰਸ਼ਾਸਨ ਨੇ 6 ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਚੁੱਕਿਆ ਸਖ਼ਤ ਕਦਮ

-ਹਜ਼ਾਰਾਂ ਜ਼ਿੰਦਾ ਪ੍ਰਵਾਸੀਆਂ ਨੂੰ ਐਲਾਨਿਆ ਮ੍ਰਿਤਕ!
ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਪ੍ਰਵਾਸੀਆਂ ਪ੍ਰਤੀ ਸਖ਼ਤ ਨੀਤੀ ਅਪਣਾਈ ਹੋਈ ਹੈ। ਹੁਣ ਟਰੰਪ ਪ੍ਰਸ਼ਾਸਨ ਨੇ ਛੇ ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖ਼ਤ ਕਦਮ ਚੁੱਕਿਆ ਹੈ। ਦਰਅਸਲ ਅਮਰੀਕੀ ਸਰਕਾਰ ਨੇ ਇਨ੍ਹਾਂ 6000 ਜ਼ਿੰਦਾ ਪ੍ਰਵਾਸੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਮਾਜਿਕ ਸੁਰੱਖਿਆ ਨੰਬਰ ਰੱਦ ਕਰ ਦਿੱਤੇ ਹਨ। ਇਸਦਾ ਪ੍ਰਭਾਵ ਇਹ ਹੋਵੇਗਾ ਕਿ ਇਹ ਲੋਕ ਨਾ ਤਾਂ ਅਮਰੀਕਾ ਵਿਚ ਕੰਮ ਕਰ ਸਕਣਗੇ ਅਤੇ ਨਾ ਹੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ। ਬੈਂਕ ਖਾਤਾ ਖੋਲ੍ਹਣ ਵਿਚ ਵੀ ਸਮੱਸਿਆਵਾਂ ਆਉਣਗੀਆਂ। ਦਰਅਸਲ ਸਰਕਾਰ ਚਾਹੁੰਦੀ ਹੈ ਕਿ ਨਿਰਾਸ਼ ਪ੍ਰਵਾਸੀ ਆਪਣੇ ਆਪ ਅਮਰੀਕਾ ਛੱਡ ਕੇ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ।
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਸੀ.ਬੀ.ਪੀ. ਵਨ ਐਪ ਪ੍ਰੋਗਰਾਮ ਤਹਿਤ ਇਨ੍ਹਾਂ ਪ੍ਰਵਾਸੀਆਂ ਨੂੰ ਅਸਥਾਈ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਣ ਅਤੇ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੱਤੀ। ਇਨ੍ਹਾਂ ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਨੰਬਰ ਵੀ ਦਿੱਤੇ ਗਏ ਸਨ, ਤਾਂ ਜੋ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਉਠਾ ਸਕਣ। ਪਰ ਹੁਣ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਸਮਾਜਿਕ ਸੁਰੱਖਿਆ ਨੰਬਰਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਪ੍ਰਵਾਸੀਆਂ ਲਈ ਬੈਂਕਾਂ ਅਤੇ ਹੋਰ ਬੁਨਿਆਦੀ ਸੇਵਾਵਾਂ ਦੀ ਵਰਤੋਂ ਕਰਨਾ ਮੁਸ਼ਕਲ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨੂੰ ਅਮਰੀਕਾ ਵਿਚ ਪ੍ਰਵਾਸੀਆਂ ‘ਤੇ ਸ਼ਿਕੰਜਾ ਕੱਸਣ ਦੀ ਯੋਜਨਾ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ।
ਬਾਇਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਸੀ.ਬੀ.ਪੀ. ਵਨ ਐਪ ਲਾਂਚ ਕੀਤੀ। ਇਸ ਰਾਹੀਂ ਬਾਇਡਨ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕਾਨੂੰਨੀ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਦਸੰਬਰ ਦੇ ਅੰਤ ਤੱਕ ਮੈਕਸੀਕੋ ਨਾਲ ਲੱਗਦੇ ਸਰਹੱਦੀ ਕ੍ਰਾਸਿੰਗਾਂ ‘ਤੇ ਸੀ.ਬੀ.ਪੀ. ਵਨ ਅਪੁਆਇੰਟਮੈਂਟ ਨਾਲ 936,500 ਲੋਕਾਂ ਨੂੰ ਦਾਖਲੇ ਦੀ ਆਗਿਆ ਦਿੱਤੀ ਗਈ ਸੀ। ਇਸ ਵਿਚ ਪ੍ਰਵਾਸੀਆਂ ਨੂੰ ਬਾਇਓਮੈਟ੍ਰਿਕ ਪਛਾਣ ਰਾਹੀਂ ਦੋ ਸਾਲਾਂ ਲਈ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਸਹੂਲਤ ਦਿੱਤੀ ਗਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਸੀ.ਬੀ.ਪੀ. ਵਨ ਐਪ ਰਾਹੀਂ ਐਂਟਰੀ ਬੰਦ ਕਰ ਦਿੱਤੀ।