– ਤੁਲਸੀ ਗਬਾਰਡ ਅਤੇ ਲੁਟਨਿਕ ‘ਤੇ ਤਲਵਾਰ ਲਟਕੀ
ਵਾਸ਼ਿੰਗਟਨ, 6 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ ਇਰਾਨ ‘ਤੇ ਹਮਲਾ ਤਾਂ ਕਰ ਦਿੱਤਾ ਪਰ ਮੁਲਕ ‘ਚ ਉਨ੍ਹਾਂ ਨੂੰ ਜੰਗ ਲਈ ਢੁੱਕਵੀਂ ਹਮਾਇਤ ਨਹੀਂ ਮਿਲ ਰਹੀ। ਇਸ ਤੋਂ ਖਿਝ ਕੇ ਟਰੰਪ ਆਪਣੇ ਨੇੜਲੇ ਸਹਿਯੋਗੀਆਂ ਨੂੰ ਅਹੁਦਿਆਂ ਤੋਂ ਹਟਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ‘ਚ ਵੀ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਘੱਟ ਰਹੀ ਹੈ। ਅਟਾਰਨੀ ਜਨਰਲ ਪੈਮ ਬੋਂਡੀ ਨੂੰ ਹਟਾਉਣ ਮਗਰੋਂ ਕੌਮੀ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਅਤੇ ਵਣਜ ਮਾਮਲਿਆਂ ਬਾਰੇ ਮੰਤਰੀ ਹਾਵਰਡ ਲੁਟਨਿਕ ਦੇ ਅਹੁਦਿਆਂ ‘ਤੇ ਵੀ ਤਲਵਾਰ ਲਟਕ ਗਈ ਹੈ। ਟਰੰਪ ਦੀ ਰੇਟਿੰਗ ‘ਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਅਤੇ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ਦਾ ਦਬਾਅ ਰਿਪਬਲਿਕਨ ਆਗੂਆਂ ‘ਤੇ ਪੈ ਰਿਹਾ ਹੈ। ਕੁਝ ਭਾਈਵਾਲਾਂ ਨੇ ਕਿਹਾ ਕਿ ਟਰੰਪ ਵੱਲੋਂ ਰਾਸ਼ਟਰ ਦੇ ਨਾਮ ਦਿੱਤੇ ਸੁਨੇਹੇ ‘ਚ ਇਰਾਨ ਜੰਗ ‘ਤੇ ਕੰਟਰੋਲ ਹੋਣ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਤਾਜ਼ਾ ਸਰਵੇਖਣ ‘ਚ ਸਿਰਫ਼ 36 ਫ਼ੀਸਦੀ ਅਮਰੀਕੀਆਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਵਧੀਆ ਦੱਸਿਆ, ਜੋ ਉਨ੍ਹਾਂ ਦੇ ਮੌਜੂਦਾ ਕਾਰਜਕਾਲ ‘ਚ ਸਭ ਤੋਂ ਘੱਟ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਫ਼ੈਸਲੇ ਨੂੰ 60 ਫ਼ੀਸਦੀ ਲੋਕਾਂ ਨੇ ਨਕਾਰ ਦਿੱਤਾ, ਜੋ ਟਰੰਪ ਲਈ ਵੱਡਾ ਝਟਕਾ ਹੈ। ਟਰੰਪ ਇਸ ਗੱਲੋਂ ਵੀ ਨਾਰਾਜ਼ ਹਨ ਕਿ ਮੀਡੀਆ ਇਰਾਨ ਜੰਗ ਦੀ ਢੁੱਕਵੀਂ ਕਵਰੇਜ ਨਹੀਂ ਕਰ ਰਿਹਾ।
ਤੁਲਸੀ ਗਬਾਰਡ ਵਿਦੇਸ਼ ‘ਚ ਅਮਰੀਕੀ ਫ਼ੌਜੀ ਕਾਰਵਾਈਆਂ ਦੀ ਆਲੋਚਨਾ ਕਰਦੀ ਆ ਰਹੀ ਹੈ। ਉਨ੍ਹਾਂ ਬੀਤੇ ਸਾਲ ਜੂਨ ‘ਚ ਵੀਡੀਓ ਜਾਰੀ ਕਰਕੇ ਜੰਗ ਦੀ ਵਕਾਲਤ ਕਰਨ ਵਾਲੇ ਸਿਆਸੀ ਆਗੂਆਂ ਦੀ ਲਾਹ-ਪਾਹ ਕੀਤੀ ਸੀ, ਜਿਸ ਕਾਰਨ ਵ੍ਹਾਈਟ ਹਾਊਸ ਖ਼ਫ਼ਾ ਹੋ ਗਿਆ ਸੀ।
ਟਰੰਪ ਪ੍ਰਸ਼ਾਸਨ ‘ਚ ਵੱਡੇ ਫੇਰਬਦਲ ਦੇ ਆਸਾਰ; ਟਰੰਪ ਦੀ ਮਕਬੂਲੀਅਤ ‘ਚ ਆਈ ਗਿਰਾਵਟ

