– 27 ਅਗਸਤ ਤੋਂ ਲਾਗੂ ਹੋਵੇਗਾ ਟੈਰਿਫ
ਵਾਸ਼ਿੰਗਟਨ, 7 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦਦਾਰੀ ਕਰਨ ਦੇ ਜੁਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ‘ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਕਦਮ ਨਾਲ ਟੈਕਸਟਾਈਲ, ਸਮੁੰਦਰੀ ਅਤੇ ਚਮੜੇ ਦੇ ਨਿਰਯਾਤ ਵਰਗੇ ਖੇਤਰਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਸ ਨਾਲ ਜੁੜੇ ਕਾਰਜਕਾਰੀ ਹੁਕਮਾਂ ‘ਤੇ ਆਪਣੇ ਦਸਤਖ਼ਤ ਕਰ ਦਿੱਤੇ ਹਨ। ਇਹ ਹੁਕਮ 21 ਦਿਨਾਂ ਬਾਅਦ 27 ਅਗਸਤ ਤੋਂ ਲਾਗੂ ਹੋਣਗੇ।
ਕਾਰਜਕਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਰੂਸ ਤੋਂ ਤੇਲ ਖ਼ਰੀਦਣ ਕਾਰਨ ਟਰੰਪ ਨੇ ਭਾਰਤ ਖ਼ਿਲਾਫ਼ ਉਕਤ ਸਖ਼ਤ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਜੇਕਰ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਤਾਂ ਟੈਰਿਫ਼ ਨੂੰ ਹੋਰ ਵਧਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਨੇ 30 ਜੁਲਾਈ ਨੂੰ ਭਾਰਤ ‘ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਹੋਰ ਵਾਧੂ 25 ਫ਼ੀਸਦੀ ਟੈਰਿਫ ਲਗਾਉਣ ਨਾਲ ਕੁੱਲ 50 ਫ਼ੀਸਦੀ ਟੈਰਿਫ ਲੱਗੇਗਾ। ਅਮਰੀਕੀ ਰਾਸ਼ਟਰਪਤੀ ਨੇ ਕੱਲ੍ਹ ਕਿਹਾ ਸੀ ਕਿ ਭਾਰਤ, ਰੂਸ ਨਾਲ ਵਪਾਰ ਕਰਕੇ ਯੂਕਰੇਨ ਖ਼ਿਲਾਫ਼ ਰੂਸੀ ਜੰਗੀ ਮਸ਼ੀਨ ਨੂੰ ਹਵਾ ਦੇਣ ਦਾ ਕੰਮ ਕਰ ਰਿਹਾ ਹੈ। ਇਸ ਕਾਰਨ ਅਮਰੀਕਾ ਨੂੰ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਪਈ ਹੈ।
ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਭਾਰਤ ਚੰਗਾ ਕਾਰੋਬਾਰੀ ਹਿੱਸੇਦਾਰ ਨਹੀਂ ਹੈ। ਭਾਰਤ ਦੇ ਟੈਰਿਫ਼ ਦੁਨੀਆਂ ‘ਚ ਸਭ ਤੋਂ ਜ਼ਿਆਦਾ ਹਨ। ਕਾਰਜਕਾਰੀ ਹੁਕਮਾਂ ‘ਚ ਲਿਖਿਆ ਹੈ ਕਿ ਭਾਰਤ ਸਰਕਾਰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੂਸ ਤੋਂ ਤੇਲ ਦਰਾਮਦ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਅਮਰੀਕਾ ‘ਚ ਦਾਖਲ ਹੋਣ ਵਾਲੇ ਭਾਰਤੀ ਸਾਮਾਨ ‘ਤੇ 25 ਫ਼ੀਸਦੀ ਦਾ ਵਾਧੂ ਟੈਰਿਫ ਲਾਗੂ ਹੋਵੇਗਾ। ਹਾਲਾਂਕਿ ਕੁਝ ਖ਼ਾਸ ਸਥਿਤੀਆਂ ‘ਚ ਇਸ ਟੈਰਿਫ਼ ਤੋਂ ਛੋਟ ਵੀ ਦਿੱਤੀ ਜਾਵੇਗੀ, ਜਿਵੇਂ ਕਿ ਜੇਕਰ ਕੋਈ ਸਾਮਾਨ ਪਹਿਲਾਂ ਹੀ ਸਮੁੰਦਰ ‘ਚ ਲੱਦ ਚੁੱਕਾ ਹੈ ਅਤੇ ਰਸਤੇ ‘ਚ ਹੈ, ਜਾਂ ਜੇਕਰ ਉਹ ਕੁਝ ਖ਼ਾਸ ਤਰੀਕ ਤੋਂ ਪਹਿਲਾਂ ਅਮਰੀਕਾ ‘ਚ ਪਹੁੰਚ ਚੁੱਕਾ ਹੈ। ਇਸ ਤੋਂ ਪਹਿਲਾਂ ਮਾਰਚ 2022 ‘ਚ ਅਮਰੀਕਾ ਨੇ ਇਕ ਹੁਕਮ ਜਾਰੀ ਕਰਕੇ ਰੂਸੀ ਤੇਲ ਅਤੇ ਉਸ ਨਾਲ ਜੁੜੇ ਉਤਪਾਦਾਂ ਦੀ ਆਪਣੇ ਦੇਸ਼ ‘ਚ ਦਰਾਮਦ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਸੀ। ਹੁਣ ਟਰੰਪ ਪ੍ਰਸ਼ਾਸਨ ਨੇ ਇਹ ਦੇਖਿਆ ਕਿ ਭਾਰਤ ਉਸ ਰੂਸੀ ਤੇਲ ਨੂੰ ਖ਼ਰੀਦ ਰਿਹਾ ਹੈ ਕਿ ਜਿਸ ਨਾਲ ਰੂਸ ਨੂੰ ਆਰਥਿਕ ਮਦਦ ਮਿਲ ਰਹੀ ਹੈ। ਇਸ ਕਾਰਨ ਹੁਣ ਅਮਰੀਕਾ ਨੇ ਭਾਰਤ ‘ਤੇ ਇਹ ਨਵਾਂ ਟੈਰਿਫ਼ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਟਰੰਪ ਨੇ ਭਾਰਤ ‘ਤੇ ਲਾਇਆ ਕੁੱਲ 50 ਫ਼ੀਸਦੀ ਟੈਰਿਫ਼!
