-ਨਾਸਾ ਦੀ ਅਗਵਾਈ ਲਈ ਇੱਕ ਨਵੇਂ ਉਮੀਦਵਾਰ ਦਾ ਜਲਦ ਕਰਨਗੇ ਐਲਾਨ
ਵਾਸ਼ਿੰਗਟਨ, 2 ਜੂਨ (ਪੰਜਾਬ ਮੇਲ)- ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਨਾਸਾ ਦੀ ਅਗਵਾਈ ਲਈ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਤਕਨੀਕੀ ਅਰਬਪਤੀ ਜੇਰੇਡ ਇਸਾਕਮੈਨ ਹੁਣ ਇਸ ਅਹੁਦੇ ਲਈ ਵਿਚਾਰ ਅਧੀਨ ਨਹੀਂ ਹਨ। ਹਾਲਾਂਕਿ, ਇਸ ਉਲਟਫੇਰ ਦਾ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ ਹੈ ਪਰ ਇਹ ਕਦਮ ਸੈਨੇਟ ਵੱਲੋਂ ਇਸਾਕਮੈਨ ਦੀ ਪੁਸ਼ਟੀ ਲਈ ਵੋਟ ਪਾਉਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਸੀ।
ਰਿਪੋਰਟ ਵਿਚ ਵ੍ਹਾਈਟ ਹਾਊਸ ਦੀ ਬੁਲਾਰਨ ਲਿਜ਼ ਹਿਊਸਟਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਇਹ ਜ਼ਰੂਰੀ ਹੈ ਕਿ ਨਾਸਾ ਦਾ ਅਗਲਾ ਨੇਤਾ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਫਸਟ ਨੀਤੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੋਵੇ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।’ ਇਸਾਕਮੈਨ ਨੂੰ ਰਾਸ਼ਟਰਪਤੀ ਟਰੰਪ ਨੇ ਦਸੰਬਰ ਵਿਚ ਨਾਸਾ ਮੁਖੀ ਲਈ ਨਾਮਜ਼ਦ ਕੀਤਾ ਸੀ। ਨਿੱਜੀ ਖੇਤਰ ਵਿਚ ਉਸਦੇ ਪਿਛੋਕੜ ਕਾਰਨ ਪੁਲਾੜ ਭਾਈਚਾਰੇ ਵਿਚ ਉਸਦੀ ਨਿਯੁਕਤੀ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਸਨੇ ਲਿਖਿਆ, ”ਪਿਛਲੀਆਂ ਜਾਂਚਾਂ ਤੋਂ ਬਾਅਦ ਮੈਂ ਨਾਸਾ ਦੇ ਮੁਖੀ ਵਜੋਂ ਜੇਰੇਡ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈ ਰਿਹਾ ਹਾਂ। ਮੈਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ, ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਅਤੇ ਪੁਲਾੜ ਵਿਚ ਅਮਰੀਕਾ ਨੂੰ ਤਰਜੀਹ ਦੇਵੇਗਾ।’ ਨਿਊਜ਼ ਆਊਟਲੈੱਟ ਸੇਮਾਫੋਰ ਨੇ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ ਵ੍ਹਾਈਟ ਹਾਊਸ ਇਸਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ।
ਇਸਾਕਮੈਨ ਨੇ ਹਾਲ ਹੀ ਵਿਚ ਸੈਨੇਟ ਵਣਜ ਕਮੇਟੀ ਦੇ ਸਾਹਮਣੇ ਇੱਕ ਪੁਸ਼ਟੀਕਰਨ ਸੁਣਵਾਈ ਵਿਚੋਂ ਲੰਘਿਆ। 30 ਅਪ੍ਰੈਲ ਨੂੰ ਕਮੇਟੀ ਨੇ ਉਸਦੀ ਨਾਮਜ਼ਦਗੀ ਨੂੰ ਪੂਰੀ ਸੈਨੇਟ ਵਿਚ ਅੱਗੇ ਵਧਾਉਣ ਲਈ ਵੋਟ ਦਿੱਤੀ। ਦੱਖਣੀ ਡਕੋਟਾ ਦੇ ਸੈਨੇਟ ਬਹੁਗਿਣਤੀ ਨੇਤਾ ਜੌਨ ਥੂਨ ਨੇ ਮੈਮੋਰੀਅਲ ਡੇਅ ਛੁੱਟੀ ਤੋਂ ਬਾਅਦ ਸੈਨੇਟ ਦੇ ਮੁੜ ਸ਼ੁਰੂ ਹੋਣ ‘ਤੇ ਵੋਟਿੰਗ ਤੈਅ ਕਰਨ ਲਈ ਕਦਮ ਚੁੱਕੇ। ਹਾਲਾਂਕਿ, ਇਸਾਕਮੈਨ ਦੇ ਸਮਰਥਕਾਂ ਵਿਚ ਚਿੰਤਾਵਾਂ ਉਭਰ ਆਈਆਂ ਸਨ ਕਿ ਵ੍ਹਾਈਟ ਹਾਊਸ ਉਸਦੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ, ਕਿਉਂਕਿ ਐਲੋਨ ਮਸਕ ਦੇ ਟਰੰਪ ਪ੍ਰਸ਼ਾਸਨ ਨਾਲ ਮਤਭੇਦ ਹੋ ਗਏ ਹਨ। ਰਾਇਟਰਜ਼ ਨੇ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਮਸਕ ਇਸਾਕਮੈਨ ਨੂੰ ਹਟਾਉਣ ਤੋਂ ਨਿਰਾਸ਼ ਹਨ ਅਤੇ ਇਸ ਨੂੰ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਮੰਨਦੇ ਹਨ। ਐਕਸ ‘ਤੇ ਖ਼ਬਰਾਂ ਦਾ ਜਵਾਬ ਦਿੰਦੇ ਹੋਏ ਮਸਕ ਨੇ ਇਸਾਕਮੈਨ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, ”ਇੰਨਾ ਸਮਰੱਥ ਅਤੇ ਨੇਕ ਦਿਲ ਵਿਅਕਤੀ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ।”
ਟਰੰਪ ਨੇ ਇਸਾਕਮੈਨ ਦੀ ਨਾਸਾ ਚੀਫ ਦੇ ਅਹੁਦੇ ਵਜੋਂ ਨਾਮਜ਼ਦਗੀ ਵਾਪਸ ਲਈ
