-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ 34 ਸੰਗੀਨ ਮਾਮਲਿਆਂ ‘ਚ ਠਹਿਰਾਇਆ ਗਿਆ ਸੀ ਦੋਸ਼ੀ
ਨਿਊਯਾਰਕ, 25 ਨਵੰਬਰ (ਪੰਜਾਬ ਮੇਲ)- ਨਿਊਯਾਰਕ ਦੇ ਇੱਕ ਜੱਜ ਨੇ ਡੋਨਲਡ ਟਰੰਪ ਨੂੰ ਉਸ ਅਪਰਾਧਿਕ ਕੇਸ ਨੂੰ ਖਾਰਜ ਕਰਨ ਸਬੰਧੀ ਅਪੀਲ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਵਿਚ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਤੇ ਦੋਸ਼ ਲੱਗੇ ਸਨ ਕਿ ਉਸ ਨੇ ਇੱਕ ਪੋਰਨ ਸਟਾਰ ਨੂੰ ਰਾਸ਼ਟਰਪਤੀ ਚੋਣ ਦੌਰਾਨ ਚੁੱਪ ਰਹਿਣ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ। ਇਸ ਪੋਰਟ ਸਟਾਰ ਨੇ ਪਹਿਲਾਂ ਦੋਸ਼ ਲਾਏ ਸਨ ਕਿ ਡੋਨਲਡ ਟਰੰਪ ਨੇ ਉਸ ਨਾਲ ਸਬੰਧ ਬਣਾਏ ਸਨ, ਜਦਕਿ ਟਰੰਪ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ।
ਨਿਊਯਾਰਕ ਸਟੇਟ ਸੁਪਰੀਮ ਕੋਰਟ ਦੇ ਜਸਟਿਸ ਜੁਆਨ ਮਰਚਨ ਵਲੋਂ ਇਸ ਮਾਮਲੇ ਸਬੰਧੀ ਟਰੰਪ ਨੂੰ 26 ਨਵੰਬਰ ਨੂੰ ਸਜ਼ਾ ਸੁਣਾਈ ਜਾਣੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਦੇ ਦਫ਼ਤਰ ਦੇ ਵਕੀਲਾਂ ਨੇ ਇਸ ਹਫ਼ਤੇ ਜਸਟਿਸ ਮਰਚਨ ਨੂੰ ਅਪੀਲ ਕੀਤੀ ਸੀ, ਉਹ 20 ਜਨਵਰੀ ਤੋਂ ਟਰੰਪ ਦੇ ਚਾਰ ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਾਮਲੇ ਬਾਰੇ ਫੈਸਲਾ ਲੈਣ।