#AMERICA

ਟਰੰਪ ਨੂੰ ਸਮਾਗਮ ‘ਚ ਕਰਨਾ ਪਿਆ ਹੂਟਿੰਗ ਦਾ ਸਾਹਮਣਾ!

– ਖੁੱਲ੍ਹੇਆਮ ਹੋਇਆ ਜਨਤਕ ਵਿਰੋਧ
– ਟਰੰਪ ਵੱਲੋਂ ਬਾਇਡਨ ਨੂੰ ‘ਸਭ ਤੋਂ ਮਾੜਾ ਰਾਸ਼ਟਰਪਤੀ’ ਦੱਸਣ ‘ਤੇ ਭੀੜ ‘ਚੋਂ ਆਵਾਜ਼ ਆਈ -‘ਉਹ ਤਾਂ ਤੁਸੀਂ ਹੋ’
ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕਾ ‘ਚ ‘ਲਿਬਰਟੇਰੀਅਨ ਪਾਰਟੀ’ ਦੇ ਸਮਾਗਮ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਰ-ਵਾਰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਭੀੜ ਵਿਚ ਬਹੁਤ ਸਾਰੇ ਲੋਕਾਂ ਨੇ ਅਪਮਾਨਜਨਕ ਨਾਅਰੇ ਲਾਏ ਅਤੇ ਟਰੰਪ ਦੀਆਂ ਕੋਵਿਡ-19 ਨੀਤੀਆਂ, ਵਧ ਰਹੇ ਸੰਘੀ ਘਾਟੇ ਅਤੇ ਉਸ ਦੇ ਸਿਆਸੀ ਰਿਕਾਰਡ ਬਾਰੇ ਝੂਠ ਬੋਲਣ ਵਰਗੀਆਂ ਚੀਜ਼ਾਂ ਲਈ ਉਨ੍ਹਾਂ ਦੀ ਨਿੰਦਾ ਕੀਤੀ।
ਜਾਣਕਾਰੀ ਅਨੁਸਾਰ ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮਾਗਮ ਦੌਰਾਨ ਸੰਬੋਧਨ ਕਰਨ ਲਈ ਸਟੇਜ ‘ਤੇ ਆਏ ਤਾਂ ਕੁਝ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ‘ਅਮਰੀਕਾ-ਅਮਰੀਕਾ’ ਦੇ ਨਾਅਰੇ ਲਾਏ। ਉਥੇ ਹੀ ਭੀੜ ‘ਚ ਮੌਜੂਦ ਕਈ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ, ਜਦਕਿ ਉਨ੍ਹਾਂ ਦੇ ਕੁਝ ਸਮਰਥਕਾਂ ਨੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਲਿਖੀਆਂ ਟੋਪੀਆਂ ਅਤੇ ਟੀ-ਸ਼ਰਟਾਂ ਪਾ ਕੇ ਤਾੜੀਆਂ ਵਜਾਈਆਂ ਪਰ ਟਰੰਪ ਲਈ ਇਹ ਉਹ ਸਮਾਂ ਸੀ, ਜਦੋਂ ਉਨ੍ਹਾਂ ਨੂੰ ਖੁੱਲ੍ਹੇਆਮ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਦਰਅਸਲ ਹੋਇਆ ਇਸ ਤਰ੍ਹਾਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਖ਼ਿਲਾਫ਼ ਚੱਲ ਰਹੇ 4 ਅਪਰਾਧਿਕ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਮਜ਼ਾਕ ਵਿਚ ਕਿਹਾ, ”ਜੇ ਮੈਂ ਪਹਿਲਾਂ ਲਿਬਰਟੇਰੀਅਨ ਨਹੀਂ ਸੀ, ਤਾਂ ਹੁਣ ਤਾਂ ਮੈਂ ਯਕੀਨਨ ਲਿਬਰਟੇਰੀਅਨ ਬਣ ਗਿਆ ਹਾਂ।” ਇਸ ਦੇ ਨਾਲ ਹੀ ਜਦੋਂ ਟਰੰਪ ਨੇ ਆਜ਼ਾਦੀ ਦੇ ਸਮਰਥਕਾਂ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਕ ਜ਼ਾਲਮ ਅਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਰਾਸ਼ਟਰਪਤੀ ਕਿਹਾ, ਤਾਂ ਦਰਸ਼ਕਾਂ ਵਿਚੋਂ ਕੁਝ ਨੇ ਉੱਚੀ-ਉੱਚੀ ਕਿਹਾ, ‘ਇਹ ਤਾਂ ਤੁਸੀਂ ਹੋ।’
ਰੌਲੇ-ਰੱਪੇ ਵਾਲੇ ਮਾਹੌਲ ਦੇ ਬਾਵਜੂਦ ਡੋਨਾਲਡ ਟਰੰਪ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਕਿਹਾ ਕਿ ਉਹ ਬਾਇਡਨ ਪ੍ਰਤੀ ਸਾਧਾਰਣ ਵਿਰੋਧ ‘ਚ ਦੋਸਤੀ ਦਾ ਹੱਥ ਵਧਾਉਣ ਆਏ ਹਨ। ਇਸ ‘ਤੇ ਸਮਰਥਕਾਂ ਨੇ ‘ਵੀ ਵਾਂਟ ਟਰੰਪ’ ਦੇ ਨਾਅਰੇ ਲਾਏ। ਇਸ ਦੌਰਾਨ ਭੀੜ ‘ਚ ਮੌਜੂਦ ਇਕ ਵਿਅਕਤੀ ਨੇ ‘ਕੋਈ ਵੀ ਤਾਨਾਸ਼ਾਹ ਨਹੀਂ ਬਣਨਾ ਚਾਹੁੰਦਾ’ ਲਿਖਿਆ ਸਾਈਨ ਬੋਰਡ ਚੁੱਕਿਆ ਹੋਇਆ ਸੀ। ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੈਲੀ ‘ਚੋਂ ਬਾਹਰ ਕੱਢ ਦਿੱਤਾ। ਇਕ ਸਰਵੇਖਣ ਅਨੁਸਾਰ ਜ਼ਿਆਦਾਤਰ ਵੋਟਰ 2024 ‘ਚ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਦੁਬਾਰਾ ਮੁਕਾਬਲਾ ਨਹੀਂ ਚਾਹੁੰਦੇ ਹਨ।