#AMERICA

ਟਰੰਪ ਨੂੰ ਪਸੰਦ ਨਾ ਕਰਨ ਦੇ ਬਾਵਜੂਦ ਕਾਲੇ ਮੱਤਦਾਤਾ ਬਾਇਡਨ ਪ੍ਰਤੀ ਉਤਸ਼ਾਹਿਤ ਨਹੀਂ

– ਤਾਜ਼ਾ ਵਿਸ਼ੇਸ਼ ਸਰਵੇਖਣ ਵਿਚ ਪ੍ਰਗਟਾਵਾ
ਸੈਕਰਾਮੈਂਟੋ, 19 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 4 ਸਾਲ ਪਹਿਲਾਂ ਜੋਅ ਬਾਇਡਨ ਨੂੰ ਵਾਈਟ ਹਾਊਸ ਵਿਚ ਪਹੁੰਚਾਉਣ ਵਿਚ ਖੁੱਲ੍ਹ ਕੇ ਮਦਦ ਕਰਨ ਵਾਲਾ ਕਾਲਾ ਭਾਈਚਾਰਾ 2024 ਦੀਆਂ ਚੋਣਾਂ ਵਿਚ ਹੋ ਸਕਦਾ ਹੈ ਕਿ ਬਾਇਡਨ ਦੇ ਹੱਕ ਵਿਚ ਖੁੱਲ੍ਹ ਕੇ ਸਾਹਮਣੇ ਨਾ ਆਵੇ, ਬਾਵਜੂਦ ਇਸ ਦੇ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਸੰਦ ਨਹੀਂ ਕਰਦਾ ਹੈ। ਇਸ ਵਾਰ ਕਾਲਾ ਭਾਈਚਾਰਾ ਬਾਇਡਨ ਪ੍ਰਤੀ 2020 ਦੀਆਂ ਚੋਣ ਵਾਂਗ ਉਤਸ਼ਾਹਿਤ ਨਜਰ ਨਹੀਂ ਆ ਰਿਹਾ। ਇਹ ਪ੍ਰਗਟਾਵਾ ਯੂ.ਐੱਸ.ਏ. ਟੂਡੇਅ-ਸੁਫੋਲਕ ਯੂਨੀਵਰਸਿਟੀ ਦੇ ਇਕ ਵਿਸ਼ੇਸ਼ ਤਾਜ਼ਾ ਸਰਵੇ ਵਿਚ ਹੋਇਆ ਹੈ। ਪੈਨਸਿਲਵੇਨੀਆ ਤੇ ਮਿਸ਼ੀਗਨ ਵਰਗੇ ਰਾਜ ਜੋ ਬਦਲਾਅ ਦੇ ਹੱਕ ਵਿਚ ਰਹੇ ਹਨ ਤੇ ਅਸਥਿਰ ਰਾਜ ਸਮਝੇ ਜਾਂਦੇ ਹਨ, ਵਿਚ ਕਾਲੇ ਮੱਤਦਾਤਾਵਾਂ ਤੋਂ ਪੁੱਛੀ ਗਈ ਰਾਏ ਤੋਂ ਪਤਾ ਲੱਗਾ ਹੈ ਕਿ ਵੱਡੀ ਬਹੁਗਿਣਤੀ ਦੀ ਅਜੇ ਵੀ ਪਹਿਲੀ ਜਾਂ ਦੂਸਰੀ ਪਸੰਦ ਬਾਇਡਨ ਹੈ, ਜਦਕਿ ਜ਼ਿਆਦਾਤਰ ਕਾਲਾ ਭਾਈਚਾਰਾ ਟਰੰਪ ਨੂੰ ਨਕਾਰਨ ਦੇ ਹੱਕ ਵਿਚ ਹੈ। ਕਈ ਕਾਲੇ ਮੱਤਦਾਤਾ ਦੁਚਿੱਤੀ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਟਰੰਪ ਨੂੰ ਵੋਟ ਨਹੀਂ ਪਾਉਣਗੇ ਪਰੰਤੂ ਇਸ ਦੇ ਨਾਲ ਹੀ ਉਹ ਬਾਇਡਨ ਨੂੰ ਵੋਟ ਪਾਉਣ ਲਈ ਵੀ ਉਤਸ਼ਾਹਿਤ ਨਹੀਂ ਹਨ। ਕੁਝ ਕਾਲੇ ਮੱਤਦਾਤਾਵਾਂ ਨੇ ਕਿਹਾ ਕਿ ਉਹ ਬਾਇਡਨ ਨੂੰ ਵੋਟ ਪਾਉਣਗੇ ਕਿਉਂਕਿ ਉਨ੍ਹਾਂ ਨੇ ਦੋ ਬੁਰਾਈਆਂ ਵਿਚੋਂ ਇਕ ਦੀ ਚੋਣ ਕਰਨੀ ਹੈ। ਪੀਊ ਰਿਸਚਰ ਸੈਂਟਰ ਅਨੁਸਾਰ 2020 ਵਿਚ ਦੇਸ਼ ਭਰ ‘ਚ 92‚ ਕਾਲੇ ਮੱਤਦਾਤਾ ਬਾਇਡਨ ਦੇ ਹੱਕ ਵਿਚ ਭੁਗਤੇ ਸਨ, ਜਦਕਿ ਟਰੰਪ ਨੂੰ ਕੇਵਲ 8‚ ਕਾਲੇ ਮੱਤਦਾਤਾਵਾਂ ਦਾ ਸਮਰਥਨ ਮਿਲਿਆ ਸੀ। ਹੁਣ ਤੱਕ ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਅਨੁਸਾਰ ਅਫਰੀਕਨ ਅਮਰੀਕਨ ਭਾਈਚਾਰਾ ਇਸ ਵਾਰ ਬਾਇਡਨ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਹੀਂ ਹੈ। ਸਰਵੇ ਅਨੁਸਾਰ ਟਰੰਪ ਅਜੇ ਵੀ ਅਫਰੀਕਨ ਅਮਰੀਕਨ ਲੋਕਾਂ ਲਈ ਬੇਗਾਨੇ ਹਨ, ਜਿਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਬਾਇਡਨ ਦੇ ਹੱਕ ਵਿਚ ਭੁਗਤਣਗੇ ਜਾਂ ਸਾਬਕਾ ਰਾਸ਼ਟਰਪਤੀ ਨੂੰ ਵੋਟ ਪਾਉਣ ਤੋਂ ਪਹਿਲਾਂ ਕਿਸੇ ਤੀਸਰੇ ਉਮੀਦਵਾਰ ਨੂੰ ਵੋਟ ਪਾਉਣ ਬਾਰੇ ਸਚੋਣਗੇ। ਕੁਝ ਮੱਤਦਾਤਾ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਬਾਇਡਨ ਪ੍ਰਤੀ ਉਨ੍ਹਾਂ ਦਾ ਕੋਈ ਲਗਾਅ ਨਾ ਰਿਹਾ ਹੋਵੇ ਪਰੰਤੂ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਬਦਲ ਵੀ ਤਾਂ ਨਹੀਂ ਹੈ।