#AMERICA

ਟਰੰਪ ਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਲਈ ਬਿੱਲ ਪੇਸ਼

– ਅਮਰੀਕੀ ਕਾਨੂੰਨ ਮੁਤਾਬਕ ਕੋਈ ਵੀ ਸਿਆਸਤਦਾਨ ਸਿਰਫ਼ ਦੋ ਵਾਰ ਹੀ ਬਣ ਸਕਦੈ ਦੇਸ਼ ਦਾ ਰਾਸ਼ਟਰਪਤੀ
ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ) ਡੋਨਾਲਡ ਟਰੰਪ ਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਲਈ ਵੀਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਇਕ ਬਿੱਲ ਪੇਸ਼ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਰਿਪਬਲਿਕਨ ਪਾਰਟੀ ਦੇ ਐਂਡੀ ਓਗਲਜ਼ ਨੇ ਉਕਤ ਬਿੱਲ ਪੇਸ਼ ਕੀਤਾ, ਜਿਸ ਦਾ ਮੰਨਣਾ ਹੈ ਕਿ ਸਿਰਫ਼ ਟਰੰਪ ਹੀ ਅਮਰੀਕਾ ਨੂੰ ਮੁੜ ਮਹਾਨ ਬਣਾ ਸਕਦੇ ਹਨ। ਅਮਰੀਕਾ ਦੇ ਕਾਨੂੰਨ ਮੁਤਾਬਕ ਕੋਈ ਵੀ ਸਿਆਸਤਦਾਨ ਸਿਰਫ਼ ਦੋ ਵਾਰ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਪਰ ਓਗਲਜ਼ ਇਸ ਨਿਯਮ ਵਿਚ ਸੋਧ ਕਰਵਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਅਹੁਦੇ ‘ਤੇ ਦੋ ਕਾਰਜਕਾਲ ਵਾਲਾ ਨਿਯਮ 1951 ਵਿਚ 22ਵੀਂ ਸੰਵਿਧਾਨਕ ਸੋਧ ਰਾਹੀਂ ਲਾਗੂ ਕੀਤਾ ਗਿਆ। ਇਸ ਤੋਂ ਪਹਿਲਾਂ ਸਿਰਫ਼ ਫ਼ਰੈਂਕਲਿਨ ਰੂਜ਼ਵੈਲਟ ਚਾਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਉਧਰ ਓਗਲਜ਼ ਨੇ ਕਿਹਾ ਕਿ ਅਮਰੀਕਾ ਨੂੰ ਮਹਾਨ ਬਣਾਉਣ ਲਈ ਟਰੰਪ ਨੂੰ ਵੱਧ ਸਮਾਂ ਚਾਹੀਦਾ ਹੈ।
ਇਹ ਲਾਜ਼ਮੀ ਵੀ ਹੈ ਕਿਉਂਕਿ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਨੂੰ ਠੀਕ ਕਰਨ ਲਈ ਟਰੰਪ ਨੂੰ ਸਮੇਂ ਦੀ ਜ਼ਰੂਰਤ ਹੋਵੇਗੀ। ਦੱਸ ਦੇਈਏ ਕਿ ਅਮਰੀਕਾ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ ਪਰ ਫਿਰ ਵੀ ਬਿੱਲ ਪਾਸ ਹੋਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ। ਸੰਸਦ ਵਿਚ ਦੋ ਤਿਹਾਈ ਬਹੁਮਤ ਤੋਂ ਇਲਾਵਾ 50 ਵਿਚੋਂ 38 ਰਾਜਾਂ ਦੀ ਹਮਾਇਤ ਵੀ ਲੋੜੀਂਦੀ ਹੋਵੇਗੀ, ਜਦਕਿ 22 ਰਾਜਾਂ ਵਿਚ ਡੈਮੋਕ੍ਰੈਟਿਕ ਪਾਰਟੀ ਸੱਤਾ ‘ਤੇ ਕਾਬਜ਼ ਹੈ। ਦੂਜੇ ਪਾਸੇ ਟਰੰਪ ਖੁਦ ਕਈ ਵਾਰ ਆਖ ਚੁੱਕੇ ਹਨ ਕਿ ਉਹ ਦੋ ਕਾਰਜਕਾਲ ਮੁਕੰਮਲ ਹੋਣ ਤੋਂ ਬਾਅਦ ਵੀ ਸੱਤਾ ਵਿਚ ਕਾਇਮ ਰਹਿਣਾ ਚਾਹੁੰਦੇ ਹਨ।
ਅਮਰੀਕਾ ਦੀ ਸਿਆਸਤ ਨੂੰ ਨੇੜਿਉਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਟਰੰਪ ਤੀਜੀ ਵਾਰ ਚੋਣ ਲੜਨ ਦਾ ਯਤਨ ਜ਼ਰੂਰ ਕਰਨਗੇ ਅਤੇ ਜੇ ਸਫਲ ਨਹੀਂ ਹੁੰਦੇ, ਤਾਂ ਪੁਤਿਨ ਵਰਗਾ ਤਰੀਕਾ ਅਖਤਿਆਰ ਕਰ ਸਕਦੇ ਹਨ। ਹੈਮਿਲਟਨ ਕਾਲਜ ਦੇ ਪ੍ਰੋਫੈਸਰ ਫਿਲਿਪ ਕਲਿੰਕਨਰ ਨੇ ਕਿਹਾ ਕਿ ਟਰੰਪ 2028 ਵਿਚ ਉਪ ਰਾਸ਼ਟਰਪਤੀ ਬਣ ਸਕਦੇ ਹਨ ਅਤੇ ਕਿਸੇ ਵਫਾਦਾਰ ਨੂੰ ਰਾਸ਼ਟਰਪਤੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਰਾਸ਼ਟਰਪਤੀ ਬਣਾ ਸਕਦੇ ਹਨ, ਤਾਂਕਿ ਪਰਦੇ ਦੇ ਪਿੱਛੇ ਬੈਠ ਕੇ ਸਰਕਾਰ ‘ਤੇ ਕੰਟਰੋਲ ਕਾਇਮ ਰੱਖ ਸਕਣ।