#AMERICA

ਟਰੰਪ ਦੇ ਸੱਤਾ ਸੰਭਾਲਣ ਦੇ ਇਕ ਮਹੀਨੇ ਅੰਦਰ ਹੀ ਢੇਰੀ ਹੋਇਆ ਬਿਟਕੁਆਇਨ

-20 ਫੀਸਦੀ ਟੁੱਟਿਆ ਬਿਟਕੁਆਇਨ; ਹਜ਼ਾਰਾਂ ਨਿਵੇਸ਼ਕ ਫਸੇ
ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਆਸਮਾਨ ‘ਤੇ ਚੜ੍ਹਿਆ ਬਿਟਕੁਆਇਨ ਟਰੰਪ ਦੇ ਸੱਤਾ ਸੰਭਾਲਣ ਦੇ ਇਕ ਮਹੀਨੇ ਦੇ ਅੰਦਰ ਹੀ ਢੇਰ ਹੋ ਗਿਆ। ਮੰਗਲਵਾਰ ਨੂੰ ਬਿਟਕੁਆਇਨ ਦੀ ਕੀਮਤ ‘ਚ 8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 87,183 ਡਾਲਰ ਪ੍ਰਤੀ ਬਿਟਕੁਆਇਨ ‘ਤੇ ਪਹੁੰਚ ਗਈ।
20 ਜਨਵਰੀ ਨੂੰ ਜਿਸ ਦਿਨ ਟਰੰਪ ਨੇ ਸੱਤਾ ਸੰਭਾਲੀ ਸੀ, ਉਸ ਦਿਨ ਬਿਟਕੁਆਇਨ ਦੀ ਕੀਮਤ 1,09,114.88 ਡਾਲਰ ਦੇ ਆਲ ਟਾਈਮ ਹਾਈ ‘ਤੇ ਪਹੁੰਚ ਗਈ ਸੀ ਪਰ ਪਿਛਲੇ ਇਕ ਮਹੀਨੇ ਤੋਂ ਇਸ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਆਪਣੇ ਉੱਚਤਮ ਪੱਧਰ ਤੋਂ 20 ਫੀਸਦੀ ਹੇਠਾਂ ਡਿੱਗ ਚੁੱਕੀ ਹੈ।
ਜੇ ਭਾਰਤੀ ਰੁਪਏ ਦੇ ਸਬੰਧ ‘ਚ ਬਿਟਕੁਆਇਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ 20 ਜਨਵਰੀ ਨੂੰ ਇਕ ਬਿਟਕੁਆਇਨ ਦੀ ਕੀਮਤ 95,14,571 ਰੁਪਏ ਸੀ, ਜੋ 25 ਫਰਵਰੀ ਨੂੰ 75,75,190 ਰੁਪਏ ਰਹਿ ਗਈ ਹੈ। ਜੇ ਕਿਸੇ ਭਾਰਤੀ ਨਿਵੇਸ਼ਕ ਨੇ ਪਿਛਲੇ ਮਹੀਨੇ ਇਕ ਬਿਟਕੁਆਇਨ ਖਰੀਦਿਆ ਹੋਵੇ, ਤਾਂ ਉਸ ‘ਤੇ ਨਿਵੇਸ਼ਕਾਂ ਨੂੰ ਲਗਭਗ 20 ਲੱਖ ਰੁਪਏ ਦਾ ਘਾਟਾ ਪੈ ਚੁੱਕਾ ਹੈ ਅਤੇ ਕੀਮਤਾਂ ‘ਚ ਗਿਰਾਵਟ ਅਜੇ ਵੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਬਿਟਕੁਆਇਨ ਵਾਂਗ ਹੋਰ ਕ੍ਰਿਪਟੋਕਰੰਸੀ ‘ਚ ਵੀ ਗਿਰਾਵਟ ਦਾ ਰੁਖ ਬਣਿਆ ਹੋਇਆ ਹੈ ਅਤੇ ਹਜ਼ਾਰਾਂ ਨਿਵੇਸ਼ਕ ਕ੍ਰਿਪਟੋਕਰੰਸੀ ‘ਚ ਉਪਰਲੇ ਪੱਧਰ ‘ਤੇ ਫਸ ਗਏ ਹਨ।
ਅਮਰੀਕਾ ‘ਚ ਰਾਸ਼ਟਰਪਤੀ ਚੋਣ ਦੇ ਨਤੀਜੇ 5 ਨਵੰਬਰ ਨੂੰ ਆਏ ਸਨ ਅਤੇ ਇਨ੍ਹਾਂ ਨਤੀਜਿਆਂ ਤੋਂ ਬਾਅਦ ਹੀ ਬਿਟਕੁਆਇਨ ‘ਚ ਤੇਜ਼ੀ ਸ਼ੁਰੂ ਹੋਈ। 5 ਨਵੰਬਰ ਨੂੰ ਇਕ ਬਿਟਕੁਆਇਨ ਲਗਭਗ 67,800 ਡਾਲਰ ‘ਤੇ ਸੀ ਅਤੇ ਟਰੰਪ ਦੇ ਸੱਤਾ ਸੰਭਾਲਣ ਦੇ ਦਿਨ (20 ਜਨਵਰੀ ਤੱਕ) ਬਿਟਕੁਆਇਨ ਦੀ ਕੀਮਤ ‘ਚ 32,000 ਡਾਲਰ ਦੀ ਤੇਜ਼ੀ ਦੇਖੀ ਗਈ ਪਰ ਹੁਣ ਬਿਟਕੁਆਇਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਨੁਕਸਾਨ ਹੋ ਰਿਹਾ ਹੈ।