ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਇੱਕ ਰੈਲੀ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੇ ਯਤਨ ਦੀ ਘਟਨਾ ਦੇ ਮਾਮਲੇ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚੀਟਲ ਨੇ ਵਿਭਾਗ ਦੇ ਸਹਿਯੋਗੀਆਂ ਲਈ ਕੀਤੀ ਗਈ ਈ-ਮੇਲ ਵਿਚ ਇਹ ਜਾਣਕਾਰੀ ਦਿੱਤੀ ਹੈ। ਚੀਟਲ ਨੇ ਆਪਣੀ ਈ-ਮੇਲ ਵਿਚ ਕਿਹਾ, ”ਮੈਂ ਸੁਰੱਖਿਆ ਵਿਚ ਸੰਨ੍ਹ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ। ਹਾਲ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰੀ ਮਨ ਨਾਲ ਮੈਂ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ।
ਟਰੰਪ ‘ਤੇ ਹਮਲੇ ਦੀ ਘਟਨਾ ਮਗਰੋਂ ਸੀਕਰੇਟ ਸਰਵਿਸ ‘ਤੇ ਸੁਰੱਖਿਆ ਵਿਚ ਖ਼ਾਮੀ ਦੇ ਗੰਭੀਰ ਦੋਸ਼ ਲੱਗ ਰਹੇ ਸਨ। ਇਸ ਸਬੰਧੀ ਅਗਸਤ 2022 ਤੋਂ ਹੀ ਡਾਇਰੈਕਟਰ ਦਾ ਅਹੁਦਾ ਸੰਭਾਲ ਰਹੀ ਚੀਟਲ ‘ਤੇ ਅਸਤੀਫ਼ਾ ਦੇਣ ਦਾ ਚਾਰੇ ਪਾਸਿਓਂ ਦਬਾਅ ਸੀ।
ਚੀਟਲ ਦਾ ਕਹਿਣਾ ਹੈ ਕਿ 13 ਜੁਲਾਈ ਨੂੰ ਹੋਏ ਹੱਤਿਆ ਦੇ ਯਤਨ ਦੇ ਮਾਮਲੇ ਵਿਚ ਉਨ੍ਹਾਂ ਦੀ ਏਜੰਸੀ ਸਾਬਕਾ ਰਾਸ਼ਟਰਪਤੀ ਟਰੱਪ ਦੀ ਸੁਰੱਖਿਆ ਦੇ ਆਪਣੇ ਮਿਸ਼ਨ ਵਿਚ ਨਾਕਾਮ ਰਹੀ ਹੈ।