#AMERICA

ਟਰੰਪ ਦੀ ਵੀਜ਼ਾ ਸਖ਼ਤੀ ਕਾਰਨ ਵਿਦਿਆਰਥੀ ਪਾਸਪੋਰਟ ਸਮੇਤ ਲਗਾ ਰਹੇ ਕਲਾਸਾਂ

ਨਿਊਯਾਰਕ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਨਿਯਮ ਭਾਰਤੀ ਵਿਦਿਆਰਥੀਆਂ ਲਈ ਮੁਸੀਬਤ ਬਣੇ ਹੋਏ ਹਨ। ਵਿਦਿਆਰਥੀ ਵੀਜ਼ਾ ਸਖ਼ਤ ਹੁੰਦਾ ਜਾ ਰਿਹਾ ਹੈ ਅਤੇ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਸੁਪਨਾ ਸੱਚ ਹੁੰਦਾ ਨਹੀਂ ਦਿੱਸ ਰਿਹਾ। ਸੋਸ਼ਲ ਮੀਡੀਆ ‘ਤੇ ਨਿਗਰਾਨੀ, ਹਿਰਾਸਤ ਅਤੇ ਵੀਜ਼ਾ ਰੱਦ ਕਰਨ ਦੀਆਂ ਘਟਨਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸ ਕਰਕੇ ਭਾਰਤੀਆਂ ਲਈ ਆਮ ਹੋ ਗਈਆਂ ਹਨ।
ਅਮਰੀਕਾ ਦੀਆਂ 12 ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਹਾਲਤ ਦੱਸੀ ਹੈ। ਉਨ੍ਹਾਂ ਦੇ ਦਿਲਾਂ ਅਤੇ ਦਿਮਾਗਾਂ ਵਿਚ ਡਰ ਅਤੇ ਅਨਿਸ਼ਚਿਤਤਾ ਹੈ। ਦਹਿਸ਼ਤ ਇੰਨੀ ਵੱਧ ਗਈ ਹੈ ਕਿ ਵਿਦਿਆਰਥੀ ਆਪਣੇ ਪਾਸਪੋਰਟ ਲੈ ਕੇ ਕਲਾਸ ਵਿਚ ਜਾ ਰਹੇ ਹਨ। ਹਰ ਸਮੇਂ ਜਾਂਚ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਾਨਸਿਕ ਤਣਾਅ ਕਾਰਨ ਉਹ ਪੜ੍ਹਾਈ ‘ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਹਨ। ਲੋਕ ਯੂਨੀਵਰਸਿਟੀ ਕੈਂਪਸ ਵਿਚ, ਰਸਤੇ ਵਿਚ ਜਾਂ ਸੁਪਰਮਾਰਕੀਟ ਵਿਚ ਆਉਣ ਵਾਲੀ ਪੁਲਿਸ ਗੱਡੀ ਨੂੰ ਇਮੀਗ੍ਰੇਸ਼ਨ (ਆਈ.ਸੀ.ਈ.) ਗੱਡੀ ਸਮਝਣ ਲੱਗ ਪਏ ਹਨ।
ਇਸ ਵੇਲੇ ਅਮਰੀਕਾ ਵਿਚ ਲਗਭਗ 4.25 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸੇ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਵਿਦਿਅਕ ਸੰਸਥਾਵਾਂ ਦਾ ਲਾਈਵ ਵਾਇਰ ਕਿਹਾ ਜਾਂਦਾ ਹੈ। ਕੁਝ ਭਾਰਤੀ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਹ ਇੱਕ ਅਸਥਾਈ ਪੜਾਅ ਹੈ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਸ਼ਵਾਸ ਗੁਆ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਜਿਹੜੇ ਕਰਜ਼ੇ ਚੁੱਕ ਕੇ ਇੱਥੇ ਪਹੁੰਚੇ ਹਨ, ਉਨ੍ਹਾਂ ਲਈ ਬਿਨਾਂ ਨੌਕਰੀ ਕੀਤੇ ਆਪਣੇ ਖਰਚੇ ਪੂਰੇ ਕਰਨੇ ਮੁਸ਼ਕਲ ਹੁੰਦੇ ਜਾ ਰਹੇ ਹਨ। ਕਿਸੇ ਵੀ ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਤੀਕਿਰਿਆ ਦੇਣ ‘ਤੇ ਅਮਰੀਕਾ ਤੋਂ ਦੇਸ਼ ਨਿਕਾਲਾ ਮਿਲ ਸਕਦਾ ਹੈ। ਇਸ ਲਈ ਹੁਣ ਭਾਰਤੀ ਵਿਦਿਆਰਥੀ ਸੋਸ਼ਲ ਮੀਡੀਆ ‘ਤੇ ਕੋਈ ਪ੍ਰਤੀਕਿਰਿਆ ਨਹੀਂ ਕਰ ਰਹੇ ਹਨ। ਕੁਝ ਨੇ ਤਾਂ ਆਪਣੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਹਨ। ਕਿਉਂਕਿ ਅਮਰੀਕੀ ਏਜੰਸੀਆਂ ਨਜ਼ਰ ਰੱਖ ਰਹੀਆਂ ਹਨ। ਕੁਝ ਵਿਦਿਆਰਥੀ ਦੁਬਾਰਾ ਐਂਟਰੀ ਨਾ ਮਿਲਣ ਦੇ ਡਰੋਂ ਛੁੱਟੀਆਂ ਵਿਚ ਵੀ ਆਪਣੇ ਘਰ ਨਹੀਂ ਗਏ।
ਇਨ੍ਹਾਂ ਸਾਰੇ ਹਾਲਾਤ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਵਿਚ ਪੜ੍ਹਾਈ ਕਰਨ ਦਾ ਸੁਪਨਾ ਅਜੇ ਚਕਨਾਚੂਰ ਨਹੀਂ ਹੋਇਆ ਹੈ। ਇਹ ਅਮਰੀਕਾ ਲਈ ਵੀ ਬਦਲਾਅ ਦਾ ਦੌਰ ਹੈ। ਵੀਜ਼ਾ ਸਖ਼ਤ ਕਰਨ ਵਿਚ ਕੋਈ ਨੁਕਸਾਨ ਨਹੀਂ ਹੈ। ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਲਈ ਆਉਣਾ ਚਾਹੀਦਾ ਹੈ, ਵਿਰੋਧ ਕਰਨ ਲਈ ਨਹੀਂ। ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਨਿਡਰ ਰਹਿਣਾ ਚਾਹੀਦਾ ਹੈ