ਓਟਾਵਾ, 26 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ‘ਤੇ 100 ਫੀਸਦੀ ਟੈਰਿਫ (ਟੈਕਸ) ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ‘ਵਪਾਰਕ ਜੰਗ’ ਛਿੜ ਗਈ ਹੈ। ਇਸ ਦੇ ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ”Buy Canadian” (ਕੈਨੇਡੀਅਨ ਖਰੀਦੋ) ਅਤੇ ”Build Canadian” (ਕੈਨੇਡਾ ਵਿਚ ਬਣਾਓ) ਦਾ ਹੋਕਾ ਦਿੱਤਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਦੋਂ ਸਾਡੀ ਆਰਥਿਕਤਾ ਨੂੰ ਬਾਹਰੋਂ ਖ਼ਤਰਾ ਹੁੰਦਾ ਹੈ, ਤਾਂ ਸਾਨੂੰ ਉਨ੍ਹਾਂ ਚੀਜ਼ਾਂ ‘ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਸਾਡੇ ਕੰਟਰੋਲ ਵਿਚ ਹਨ। ਉਨ੍ਹਾਂ ਕਿਹਾ, ”ਅਸੀਂ ਦੂਜੇ ਦੇਸ਼ਾਂ ਦੇ ਫੈਸਲਿਆਂ ਨੂੰ ਨਹੀਂ ਰੋਕ ਸਕਦੇ, ਪਰ ਅਸੀਂ ਆਪਣੇ ਸਭ ਤੋਂ ਵਧੀਆ ਗਾਹਕ ਖੁਦ ਬਣ ਸਕਦੇ ਹਾਂ। ਅਸੀਂ ਕੈਨੇਡਾ ਦਾ ਬਣਿਆ ਸਾਮਾਨ ਖਰੀਦਾਂਗੇ ਅਤੇ ਕੈਨੇਡਾ ਵਿਚ ਹੀ ਬਣਾਵਾਂਗੇ।”
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਜੇਕਰ ਕਾਰਨੀ ਕੈਨੇਡਾ ਨੂੰ ਚੀਨ ਲਈ ‘ਡਰਾਪ ਆਫ ਪੋਰਟ’ (ਚੀਨੀ ਸਮਾਨ ਅਮਰੀਕਾ ਭੇਜਣ ਦਾ ਰਸਤਾ) ਬਣਾਉਣ ਬਾਰੇ ਸੋਚ ਰਹੇ ਹਨ, ਤਾਂ ਉਹ ਬਹੁਤ ਵੱਡੀ ਗਲਤੀ ਕਰ ਰਹੇ ਹਨ। ਟਰੰਪ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਚੀਨ ਕੈਨੇਡਾ ਦੇ ਕਾਰੋਬਾਰਾਂ ਅਤੇ ਸਮਾਜਿਕ ਤਾਣੇ-ਬਾਣੇ ਨੂੰ ਪੂਰੀ ਤਰ੍ਹਾਂ ਨਿਗਲ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਚੀਨ ਨਾਲ ਕੋਈ ਵੀ ਸੌਦਾ ਕਰਦਾ ਹੈ, ਤਾਂ ਅਮਰੀਕਾ ਆਉਣ ਵਾਲੇ ਹਰ ਕੈਨੇਡੀਅਨ ਉਤਪਾਦ ‘ਤੇ ਤੁਰੰਤ 100% ਟੈਰਿਫ ਲਗਾਇਆ ਜਾਵੇਗਾ।”
ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਜੇਕਰ ਟਰੰਪ ਇਹ ਟੈਰਿਫ ਲਗਾਉਂਦੇ ਹਨ, ਤਾਂ ਕੈਨੇਡਾ ਦੀਆਂ ਬਰਾਮਦਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ, ਜਿਸ ਨਾਲ ਕੈਨੇਡਾ ਦੇ ਉਦਯੋਗਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਪੀ.ਐੱਮ. ਕਾਰਨੀ ਦਾ ‘ਬਾਏ ਕੈਨੇਡੀਅਨ’ ਮੁਹਿੰਮ ਇਸੇ ਆਰਥਿਕ ਖ਼ਤਰੇ ਨਾਲ ਨਜਿੱਠਣ ਦੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ।
ਟਰੰਪ ਦੀ ਧਮਕੀ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ‘Buy Canadian’ ਦਾ ਨਾਅਰਾ

