ਕਿਹਾ: ‘ਡਾਲਰ’ ਛੱਡਣ ਵਾਲੇ ਦੇਸ਼ਾਂ ਨੂੰ ਭੁਗਤਣਾ ਪਵੇਗਾ ਅੰਜਾਮ
– ਅਮਰੀਕਾ ਦੀ ਅਰਥਵਿਵਸਥਾ ਤੋਂ ਦੁਨੀਆਂ ਦਾ ਭਰੋਸਾ ਡਗਮਗਾਇਆ
ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਵਿਸਕਾਨਸਿਨ ਸੂਬੇ ‘ਚ ਇਕ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਜੇਕਰ ਤੁਸੀਂ ‘ਡਾਲਰ’ ਦੀ ਵਰਤੋਂ ਛੱਡ ਰਹੇ ਹੋ, ਤਾਂ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਭੁੱਲ ਜਾਓ ਕਿਉਂਕਿ ਅਸੀਂ ਤੁਹਾਡੇ ‘ਤੇ 100 ਫੀਸਦੀ ਟੈਰਿਫ ਲਗਾਵਾਂਗੇ। ਟਰੰਪ ਦੇ ਇਸ ਬਿਆਨ ਨੂੰ ਬ੍ਰਿਕਸ ਦੇਸ਼ਾਂ ‘ਤੇ ਹਮਲਾ ਮੰਨਿਆ ਜਾ ਰਿਹਾ ਹੈ, ਜੋ ਡਾਲਰ ਦੀ ਬਜਾਏ ਕਿਸੇ ਹੋਰ ਕਰੰਸੀ ਨੂੰ ਅੰਤਰਰਾਸ਼ਟਰੀ ਕਰੰਸੀ ਬਣਾਉਣਾ ਚਾਹੁੰਦੇ ਹਨ। ਬ੍ਰਿਕਸ ਦੇਸ਼ਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ ਹਨ, ਜੋ ਆਪਸੀ ਵਪਾਰ ਦੇ ਸਮੇਂ ਡਾਲਰ ਨੂੰ ਬਾਈਪਾਸ ਕਰਨ ਬਾਰੇ ਸੋਚਦੇ ਹਨ।
‘ਅਮਰੀਕਾ ਫਸਟ’ ਦੀ ਨੀਤੀ ਦੇ ਨਾਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਰੱਖਿਆਵਾਦੀ ਰਵੱਈਆ ਰੱਖਣ ਵਾਲੇ ਟਰੰਪ ਨੇ ਰੈਲੀ ਦੌਰਾਨ ਕਿਹਾ ਕਿ ਪਿਛਲੇ ਅੱਠ ਸਾਲਾਂ ਵਿਚ ਡਾਲਰ ਇੱਕ ਵੱਡੀ ਘੇਰਾਬੰਦੀ ਦਾ ਸ਼ਿਕਾਰ ਰਿਹਾ ਹੈ। ਬੀਤੇ ਸਾਲ ਇਕ ਸਮੂਹ ਦੇ ਸੰਮੇਲਨ ਵਿਚ ਡੀ-ਡਾਲਰਾਈਜ਼ੇਸ਼ਨ ਨੂੰ ਲੈ ਕੇ ਵੀ ਚਰਚਾ ਹੋਈ। ਟਰੰਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਡਾਲਰ ਦੁਨੀਆਂ ਦੀ ਰਿਜ਼ਰਵ ਕਰੰਸੀ ਬਣਿਆ ਰਹੇ ਅਤੇ ਮੈਂ ਇਸ ਮਕਸਦ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਆਈ.ਐੱਮ.ਐੱਫ. ਅਨੁਸਾਰ ਅਮਰੀਕੀ ਮੁਦਰਾ ਅਜੇ ਵੀ 2024 ਦੀ ਪਹਿਲੀ ਤਿਮਾਹੀ ਵਿਚ ਵਿਦੇਸ਼ੀ ਮੁਦਰਾ ਭੰਡਾਰ ਦਾ 59 ਪ੍ਰਤੀਸ਼ਤ ਹੈ, ਜਦੋਂਕਿ ਯੂਰੋ ਲਗਭਗ 20 ਪ੍ਰਤੀਸ਼ਤ ਦੇ ਨਾਲ ਦੂਜੇ ਸਥਾਨ ‘ਤੇ ਹੈ।
ਡੋਨਾਲਡ ਟਰੰਪ ਨੂੰ ਭਾਰਤ ਪੱਖੀ ਰਾਸ਼ਟਰਪਤੀ ਵਜੋਂ ਦੇਖਿਆ ਜਾਂਦਾ ਹੈ। ਹਾਲਾਂਕਿ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਲਾਗੂ ਸੁਰੱਖਿਆਵਾਦੀ ਨੀਤੀਆਂ ਕਾਰਨ ਭਾਰਤ ਨੂੰ ਵੀ ਨੁਕਸਾਨ ਹੋਇਆ ਹੈ। ਚੀਨ ਤੇ ਅਮਰੀਕਾ ਵਿਚਾਲੇ ਸਿੱਧੀ ਟੈਰਿਫ ਜੰਗ ਹੋਣ ਦੇ ਬਾਵਜੂਦ ਭਾਰਤੀ ਕੰਪਨੀਆਂ ਨੂੰ ਇਸ ‘ਚ ਨੁਕਸਾਨ ਵੀ ਝੱਲਣਾ ਪਿਆ। ਭਾਰਤ ਬ੍ਰਿਕਸ ਸਮੂਹ ਦਾ ਹਿੱਸਾ ਹੈ, ਜੋ ਡੀ-ਡਾਲਰਾਈਜ਼ੇਸ਼ਨ ਦੀ ਗੱਲ ਕਰਦਾ ਹੈ। ਭਾਰਤ ਵੀ ਲਗਾਤਾਰ ਆਪਣੇ ਵਪਾਰ ਨੂੰ ਡਾਲਰਾਂ ਤੋਂ ਦੂਰ ਅਤੇ ਆਪਣੇ ਰੁਪਏ ਵਿਚ ਤਬਦੀਲ ਕਰਨਾ ਚਾਹੁੰਦਾ ਹੈ। ਯੂਕ੍ਰੇਨ ਯੁੱਧ ਦੌਰਾਨ ਭਾਰਤ ਨੇ ਰੂਸ ਨਾਲ ਜੋ ਵੀ ਵਪਾਰ ਕੀਤਾ, ਉਹ ਕਰੰਸੀ ਐਕਸਚੇਂਜ ਜਾਂ ਕਿਸੇ ਹੋਰ ਕਰੰਸੀ ਦੇ ਰੂਪ ਵਿਚ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਕੱਚੇ ਤੇਲ ਦਾ ਇੱਕ ਵੱਡਾ ਦਰਾਮਦਕਾਰ ਹੈ, ਅਸੀਂ ਸਾਊਦੀ ਸਮੇਤ ਕਈ ਦੇਸ਼ਾਂ ਨਾਲ ਆਪਣੇ ਸਬੰਧਾਂ ਵਿਚ ਸੁਧਾਰ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਨਾਲ ਆਪਣੀ ਮੁਦਰਾ ਵਿਚ ਵਪਾਰ ਵਧਾਇਆ ਹੈ।
ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਵੀ ਅਮਰੀਕਾ ਦੀ ਪੇਮੈਂਟ ਸਿਸਟਮ SWIFT ਦੀ ਥਾਂ ਭਾਰਤੀ ਯੂ.ਪੀ.ਆਈ. ਸਥਾਪਤ ਕਰਨਾ ਚਾਹੁੰਦਾ ਹੈ। ਇਸ ਲਈ ਟਰੰਪ ਦੀ ਇਸ ਧਮਕੀ ਨੂੰ ਭਾਰਤ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਜੇਕਰ ਟਰੰਪ ਅਜਿਹਾ ਕਰਦੇ ਹਨ, ਤਾਂ ਇਸ ਦਾ ਅਸਰ ਭਾਰਤ ਦੇ ਵਪਾਰ ‘ਤੇ ਪੈਣਾ ਯਕੀਨੀ ਹੈ। ਭਾਰਤ ਤੋਂ ਇਲਾਵਾ ਹੋਰ ਦੇਸ਼ ਵੀ ਡਾਲਰ ‘ਤੇ ਨਿਰਭਰਤਾ ਖਤਮ ਕਰਨਾ ਚਾਹੁੰਦੇ ਹਨ, ਸਾਊਦੀ ਅਰਬ, ਚੀਨ ਅਤੇ ਰੂਸ ਇਸ ‘ਚ ਸਭ ਤੋਂ ਵੱਡੇ ਖਿਡਾਰੀ ਸਾਬਤ ਹੋਏ ਹਨ।
ਦਰਅਸਲ ਦੁਨੀਆਂ ਭਰ ‘ਚ ਡਾਲਰ ਖ਼ਿਲਾਫ਼ ਵਧਦੀ ਵਿਰੋਧ ਦੀ ਆਵਾਜ਼ ਨੇ ਅਮਰੀਕਾ ਨੂੰ ਪਰੇਸ਼ਾਨ ਕਰ ਦਿੱਤਾ ਹੈ। ਟਰੰਪ ਨੇ ਇਹ ਬਿਆਨ ਆਪਣੇ ਆਰਥਿਕ ਸਲਾਹਕਾਰਾਂ ਨਾਲ ਚਰਚਾ ਕਰਨ ਤੋਂ ਬਾਅਦ ਹੀ ਦਿੱਤਾ ਹੈ। ਟਰੰਪ ਜਾਂ ਕੋਈ ਵੀ ਅਮਰੀਕੀ ਰਾਸ਼ਟਰਪਤੀ ਦੁਨੀਆਂ ‘ਚ ਡਾਲਰ ਦੇ ਦਬਦਬੇ ਨੂੰ ਘੱਟ ਨਹੀਂ ਹੋਣ ਦੇਣਾ ਚਾਹੇਗਾ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਦੁਨੀਆ ‘ਤੇ ਉਨ੍ਹਾਂ ਦਾ ਪ੍ਰਭਾਵ ਘੱਟ ਜਾਵੇਗਾ। ਅਮਰੀਕੀ ਅਰਥਚਾਰੇ ਨੂੰ ਡਾਲਰ ਦੇ ਗਲੋਬਲ ਮੁਦਰਾ ਹੋਣ ਦਾ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਅਮਰੀਕਾ ਲਈ ਕਰਜ਼ਾ ਲੈਣਾ ਆਸਾਨ ਹੋ ਜਾਂਦਾ ਹੈ। ਅਮਰੀਕਾ ਹਰ ਸਾਲ ਆਪਣੇ ਬਾਂਡ ਜਾਰੀ ਕਰਦਾ ਹੈ ਅਤੇ ਲੋਕਾਂ ਤੋਂ ਮੁਦਰਾ ਇਕੱਠਾ ਕਰਦਾ ਹੈ। ਇਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਵਧਣਾ ਜਾਰੀ ਰੱਖਣਾ ਆਸਾਨ ਹੋ ਜਾਂਦਾ ਹੈ। ਜਾਪਾਨ ਨੇ ਲਗਭਗ 1 ਟ੍ਰਿਲੀਅਨ ਡਾਲਰ ਦੇ ਅਮਰੀਕੀ ਬਾਂਡ ਖਰੀਦੇ ਹਨ, ਜਦਕਿ ਚੀਨ ਨੇ ਲਗਭਗ 750 ਬਿਲੀਅਨ ਡਾਲਰ ਖਰੀਦੇ ਹਨ, ਪਰ ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ, ਲੋਕ ਡਾਲਰ ਦੀ ਬਜਾਏ ਕਿਸੇ ਹੋਰ ਕਰੰਸੀ ਨੂੰ ਨਵੀਂ ਅੰਤਰਰਾਸ਼ਟਰੀ ਮੁਦਰਾ ਬਣਾਉਣਾ ਚਾਹੁੰਦੇ ਹਨ। ਚੀਨ ਦਾ ਯੁਆਨ ਇਸ ਦੌੜ ਵਿਚ ਸਭ ਤੋਂ ਅੱਗੇ ਹੈ।