ਵਾਸ਼ਿੰਗਟਨ ਡੀ.ਸੀ., 29 ਮਈ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਅਤੇ ਦਸਤਖ਼ਤ ਵਾਲੇ ਨਵੇਂ 250 ਡਾਲਰ ਦੇ ਨੋਟ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅਮਰੀਕੀ ਕਰੰਸੀ ਛਾਪਣ ਵਾਲੀ ਏਜੰਸੀ ਨੂੰ ਇਸ ਨਵੇਂ ਨੋਟ ਦੇ ਡਿਜ਼ਾਈਨ ‘ਤੇ ਤਿਆਰੀ ਸ਼ੁਰੂ ਕਰਨ ਲਈ ਕਿਹਾ ਹੈ, ਜੇਕਰ ਇਸ ਸਬੰਧੀ ਕਾਂਗਰਸ ਵਿਚ ਪੇਸ਼ ਕੀਤਾ ਗਿਆ ਬਿੱਲ ਕਾਨੂੰਨ ਬਣ ਜਾਂਦਾ ਹੈ।
ਜੇ ਇਹ ਯੋਜਨਾ ਅੱਗੇ ਵਧਦੀ ਹੈ, ਤਾਂ 150 ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਕਿਸੇ ਜੀਵਤ ਵਿਅਕਤੀ ਦੀ ਤਸਵੀਰ ਅਮਰੀਕੀ ਕਰੰਸੀ ‘ਤੇ ਹੋਵੇਗੀ। ਮੌਜੂਦਾ ਫੈਡਰਲ ਕਾਨੂੰਨ ਅਨੁਸਾਰ ਸਿਰਫ਼ ਮਰਹੂਮ ਵਿਅਕਤੀਆਂ ਦੀਆਂ ਤਸਵੀਰਾਂ ਹੀ ਅਮਰੀਕੀ ਨੋਟਾਂ ‘ਤੇ ਛਾਪੀਆਂ ਜਾ ਸਕਦੀਆਂ ਹਨ।
ਇਸ ਸਬੰਧੀ ਜੋਅ ਵਿਲਸਨ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਖਜ਼ਾਨਾ ਵਿਭਾਗ ਨੂੰ ਟਰੰਪ ਦੀ ਤਸਵੀਰ ਵਾਲੇ 250 ਡਾਲਰ ਫੈਡਰਲ ਰਿਜ਼ਰਵ ਨੋਟ ਛਾਪਣ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਨੂੰ 15 ਰਿਪਬਲਿਕਨ ਮੈਂਬਰਾਂ ਦਾ ਸਮਰਥਨ ਮਿਲਿਆ ਹੋਇਆ ਹੈ, ਪਰ ਇਹ ਹਾਲੇ ਵੀ ਹਾਊਸ ਫਾਈਨੈਂਸ਼ੀਅਲ ਸਰਵਿਸਿਜ਼ ਕਮੇਟੀ ਵਿਚ ਲੰਬਿਤ ਹੈ।
ਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਵ੍ਹਾਈਟ ਹਾਊਸ ਬ੍ਰੀਫਿੰਗ ਦੌਰਾਨ ਕਿਹਾ ਕਿ ਖਜ਼ਾਨਾ ਵਿਭਾਗ ਸਿਰਫ਼ ਅਗਾਊਂ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਾਨੂੰਨ ਬਦਲਿਆ ਜਾਂਦਾ ਹੈ, ਤਾਂ ਵਿਭਾਗ ਤਿਆਰ ਹੋਵੇਗਾ, ਪਰ ਜਦ ਤੱਕ ਕਾਨੂੰਨ ਨਹੀਂ ਬਦਲਦਾ, ਮੌਜੂਦਾ ਨਿਯਮ ਹੀ ਲਾਗੂ ਰਹਿਣਗੇ।
ਰਿਪੋਰਟਾਂ ਅਨੁਸਾਰ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਅਤੇ ਅਮਰੀਕੀ ਖਜ਼ਾਨਚੀ ਬ੍ਰੈਂਡਨ ਬੀਚ ਨੇ ਟਰੰਪ ਦੇ ਦਸਤਖ਼ਤ ਵੀ ਇਸ ਪ੍ਰਸਤਾਵਿਤ ਨੋਟ ‘ਤੇ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।
ਬਿੱਲ ਨੂੰ ਪਹਿਲਾਂ ਹਾਊਸ ਅਤੇ ਫਿਰ ਸੈਨੇਟ ਤੋਂ ਮਨਜ਼ੂਰੀ ਲੈਣੀ ਹੋਵੇਗੀ। ਸੈਨੇਟ ਵਿਚ ਇਸ ਨੂੰ ਪਾਸ ਕਰਨ ਲਈ ਦੋਵੇਂ ਪਾਰਟੀਆਂ ਦੇ ਸਮਰਥਨ ਦੀ ਲੋੜ ਪਵੇਗੀ ਅਤੇ ਡੈਮੋਕ੍ਰੈਟਿਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਦੇ ਨਾਲ ਹੀ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲਾ (ਸਟੇਟ ਡਿਪਾਰਟਮੈਂਟ) ਅਮਰੀਕਾ ਦੀ 250ਵੀਂ ਵਰ੍ਹੇਗੰਢ ਮੌਕੇ ਟਰੰਪ ਦੀ ਤਸਵੀਰ ਅਤੇ ਦਸਤਖ਼ਤ ਵਾਲੇ ਵਿਸ਼ੇਸ਼ ਪਾਸਪੋਰਟ ਜਾਰੀ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰ ਰਿਹਾ ਹੈ।
ਹਾਲਾਂਕਿ ਇਸ ਸਮੇਂ ਨਾ ਤਾਂ 250 ਡਾਲਰ ਦਾ ਨੋਟ ਕਾਨੂੰਨੀ ਤੌਰ ‘ਤੇ ਮਨਜ਼ੂਰ ਹੋਇਆ ਹੈ ਅਤੇ ਨਾ ਹੀ ਇਸ ਦੀ ਛਪਾਈ ਸ਼ੁਰੂ ਹੋਈ ਹੈ। ਇਹ ਸਾਰਾ ਮਾਮਲਾ ਕਾਂਗਰਸ ਵਿਚ ਬਿੱਲ ਦੀ ਮਨਜ਼ੂਰੀ ‘ਤੇ ਨਿਰਭਰ ਕਰੇਗਾ।
ਟਰੰਪ ਦੀ ਤਸਵੀਰ ਵਾਲੇ 250 ਡਾਲਰ ਨੋਟ ਦੀ ਤਿਆਰੀ? ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਯੋਜਨਾ

