ਨਿਊਯਾਰਕ, 25 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਅਤੇ ਕਰਮਚਾਰੀਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ 2 ਭਾਰਤੀ ਮੂਲ ਦੇ ਲੋਕਾਂ ਨੂੰ ਆਪਣਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਹੈ। ਰਿੱਕੀ ਗਿੱਲ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ.ਐੱਸ.ਸੀ.) ਵਿਖੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਨਿਰਦੇਸ਼ਕ ਵਜੋਂ ਭਾਰਤ ਨਾਲ ਵਿਸ਼ੇਸ਼ ਤੌਰ ‘ਤੇ ਕੰਮ ਕਰਨਗੇ। ਜਦੋਂਕਿ ਸੌਰਭ ਸ਼ਰਮਾ ਰਾਸ਼ਟਰਪਤੀ ਦੇ ਪਰਸੋਨਲ ਦਫ਼ਤਰ ਵਿਚ ਕੰਮ ਕਰਨਗੇ।
ਗਿੱਲ ਪਹਿਲਾਂ ਟਰੰਪ ਪ੍ਰਸ਼ਾਸਨ ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਅਤੇ ਯੂਰਪੀਅਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਅਤੇ ਵਿਦੇਸ਼ ਵਿਭਾਗ ਵਿਚ ਓਵਰਸੀਜ਼ ਬਿਲਡਿੰਗ ਆਪ੍ਰੇਸ਼ਨਜ਼ ਬਿਊਰੋ ਵਿਚ ਇੱਕ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾ ਚੁੱਕੇ ਹਨ। ਨਿਊਜਰਸੀ ਵਿਚ ਜਨਮੇ ਗਿੱਲ ਨੇ ਪ੍ਰਿੰਸਟਨ ਯੂਨੀਵਰਸਿਟੀ ਦੇ ਵੁੱਡਰੋ ਵਿਲਸਨ ਸਕੂਲ ਆਫ਼ ਪਬਲਿਕ ਐਂਡ ਇੰਟਰਨੈਸ਼ਨਲ ਅਫੇਅਰਜ਼ ਤੋਂ ਬੈਚਲਰ ਦੀ ਡਿਗਰੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਲਿੰਕਡਇਨ ‘ਤੇ ਇੱਕ ਪੋਸਟ ਵਿਚ ਆਪਣੀ ਨਿਯੁਕਤੀ ਦੀ ਪੁਸ਼ਟੀ ਕੀਤੀ।
ਉਥੇ ਹੀ ਬੈਂਗਲੁਰੂ ਵਿਚ ਜਨਮੇ ਸ਼ਰਮਾ ਵਾਸ਼ਿੰਗਟਨ ਸਥਿਤ ਅਮਰੀਕਨ ਮੋਮੈਂਟ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਸਨ, ਜੋ ਕਿ ਇੱਕ ਰੂੜੀਵਾਦੀ ਸੰਗਠਨ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸਦਾ ਮਿਸ਼ਨ ”ਨੌਜਵਾਨ ਅਮਰੀਕੀਆਂ ਦੀ ਪਛਾਣ ਕਰਨਾ, ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਮਾਨਤਾ ਦੇਣਾ” ਹੈ। ਉਹ ਇੱਕ ਰੂੜੀਵਾਦੀ ਪ੍ਰਕਾਸ਼ਨ, ਡੇਲੀ ਕਾਲਰ ਨਾਲ ਇੱਕ ਪੱਤਰਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਸ਼ਰਮਾ ਕੋਲ ਟੈਕਸਾਸ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿਚ ਬੈਚਲਰ ਦੀ ਡਿਗਰੀ ਹੈ। ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਅਮਰੀਕਨ ਮੋਮੈਂਟ ਦੁਆਰਾ ਆਪਣੀ ਵੈੱਬਸਾਈਟ ‘ਤੇ ਕੀਤੀ ਗਈ।
ਟਰੰਪ ਦੀ ਟੀਮ ‘ਚ 2 ਭਾਰਤੀ ਮੂਲ ਦੇ ਵਿਅਕਤੀ ਵਿਸ਼ੇਸ਼ ਸਹਾਇਕ ਨਿਯੁਕਤ
