ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੀ.ਬੀ.ਐੱਸ.ਏ. ਦੇ ਫੰਡ ਵਧਾਉਣ ਨੂੰ ਹਰੀ ਝੰਡੀ
ਕੈਨੇਡਾ ਤੇ ਅਮਰੀਕਾ ਦੇ ਆਰ-ਪਾਰ ਜਾਣ ਲਈ 1891 ਈਸਵੀ ‘ਚ ਬਣਿਆ ਗੇਟ, ਜਿਸ ਉੱਤੇ ‘ਇੱਕੋ ਮਾਂ ਦੇ ਪੁੱਤਰ’ ਲਿਖਿਆ ਹੈ।
ਵੈਨਕੂਵਰ, 29 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਹੁਦਾ ਸੰਭਾਲਦਿਆਂ ਹੀ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੁੰਦੇ ਸਾਮਾਨ ‘ਤੇ 25 ਫ਼ੀਸਦੀ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਨੇ ਪੂਰਬ ਤੋਂ ਪੱਛਮ ਤੱਕ ਅਮਰੀਕਾ ਨਾਲ ਜੁੜਦੀ 8891 ਕਿਲੋਮੀਟਰ ਲੰਮੀ ਸਰਹੱਦ ‘ਤੇ ਸਖ਼ਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸਰਹੱਦ ਤੋਂ ਆਰ-ਪਾਰ ਜਾਣ ਲਈ ਛੋਟੇ-ਵੱਡੇ 100 ਦੇ ਕਰੀਬ ਪ੍ਰਵਾਨਿਤ ਲਾਂਘੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਸ ਵਾਸਤੇ ਵਾਧੂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਦੋਵਾਂ ਗੁਆਂਢੀ ਮੁਲਕਾਂ ਨਾਲ ਜੁੜਦੀਆਂ ਸਰਹੱਦਾਂ ‘ਤੇ ਸਖ਼ਤੀ ਨਾ ਹੋਣ ਕਾਰਨ ਗਲਤ ਅਨਸਰ ਤੇ ਸਾਮਾਨ ਅਮਰੀਕਾ ‘ਚ ਦਾਖ਼ਲ ਹੁੰਦਾ ਹੈ, ਜਿਸ ‘ਤੇ ਰੋਕ ਲੱਗਣੀ ਜ਼ਰੂਰੀ ਹੈ। ਉਨ੍ਹਾਂ ਸਖ਼ਤੀ ਨਾ ਹੋਣ ਦਾ ਠੀਕਰਾ ਕੈਨੇਡਾ ਅਤੇ ਮੈਕਸੀਕੋ ਸਿਰ ਭੰਨਿਆ ਸੀ। ਬਰਾਮਦ ਟੈਕਸ ਵਿਚ ਵਾਧਾ ਕੈਨੇਡਾ ਦੀ ਸਨਅਤ ਲਈ ਘਾਤਕ ਸਾਬਤ ਹੋ ਸਕਦਾ ਹੈ। ਕੈਨੇਡਾ ਵੱਲੋਂ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐੱਸ.ਏ.) ਜਿੰਮੇ ਹੁੰਦੀ ਹੈ, ਜਿਸਦੀ ਨਫ਼ਰੀ ਤੇ ਸਾਜੋ ਸਾਮਾਨ ਵਿਚ ਵਾਧੇ ਲਈ ਕੇਂਦਰ ਨੇ ਹੋਰ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੂਬਾਈ ਮੁੱਖ ਮੰਤਰੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਕਿ ਦੋ ਮਹੀਨੇ ਬਾਅਦ ਅਮਰੀਕਨ ਰਾਸ਼ਟਰਪਤੀ ਦੇ ਕਿਸੇ ਫ਼ੈਸਲੇ ਤੋਂ ਪਹਿਲਾਂ ਸਖ਼ਤੀ ਦੇ ਨਤੀਜੇ ਸਾਹਮਣੇ ਲਿਆਉਣੇ ਪੈਣਗੇ। ਇਸ ਤੋਂ ਪਹਿਲਾਂ ਕੈਨੇਡਾ ਨੇ ਇਹ ਕਹਿ ਕੇ ਆਪਣੇ-ਆਪ ਨੂੰ ਸੁਰਖੁਰੂ ਕਰ ਲਿਆ ਸੀ ਕਿ ਅਮਰੀਕਾ ਵਿਚ ਸਰਹੱਦੀ ਨਾਜਾਇਜ਼ ਲਾਂਘੇ ਸਿਰਫ਼ ਮੈਕਸੀਕੋ ਵਾਲੇ ਪਾਸਿਓਂ ਹਨ, ਪਰ ਪਿਛਲੇ ਕੁਝ ਸਾਲਾਂ ਦੀਆਂ ਘਟਨਾਵਾਂ ਦੀ ਘੋਖ ਤੋਂ ਹਫ਼ਤੇ ਬਾਅਦ ਬੁੱਧਵਾਰ ਨੂੰ ਪ੍ਰੀਮੀਅਰਾਂ ਦੀ ਮੀਟਿੰਗ ਵਿਚ ਅਜਿਹਾ ਐਲਾਨ ਕੀਤੇ ਜਾਣ ‘ਤੇ ਸਭ ਨੂੰ ਹੈਰਾਨੀ ਤਾਂ ਹੋਈ, ਪਰ ਇਸ ਨੂੰ ਚੰਗਾ ਫ਼ੈਸਲਾ ਮੰਨਿਆ ਗਿਆ।