#AMERICA

ਟਰੰਪ ‘ਤੇ ਹਮਲਾ: ਸਮਰਥਕਾਂ ਨੇ ਜੋਅ ਬਾਇਡਨ ‘ਤੇ ਲਾਏ ਦੋਸ਼

ਕਿਹਾ: ਇਹ ਸਿੱਧੇ ਤੌਰ ‘ਤੇ ਕਤਲ ਦੀ ਕੋਸ਼ਿਸ਼
ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਪੈਨਸਿਲਵੇਨੀਆ ਵਿਖੇ ਹੋਈ ਇਕ ਚੋਣ ਰੈਲੀ ‘ਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਥਾਮਸ ਮੈਥਿਊ ਕਰੂਕਸ ਦੀ ਗੱਡੀ ਅਤੇ ਘਰ ‘ਚੋਂ ਬੰਬ ਬਣਾਉਣ ਵਾਲੀ ਸਮੱਗਰੀ ਮਿਲੀ ਹੈ।
ਇਸ ਦੌਰਾਨ ਰਿਪਬਲਿਕਨ ਨੇਤਾਵਾਂ ਨੇ ਟਰੰਪ ‘ਤੇ ਹੋਈ ਹੱਤਿਆ ਦੀ ਕੋਸ਼ਿਸ਼ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ‘ਤੇ ਦੋਸ਼ ਲਾਏ। ਰਿਪਬਲਿਕਨ ਸੀਨੇਟਰ ਜੇ.ਡੀ. ਵੇਂਸ ਨੇ ‘ਐਕਸ’ ‘ਤੇ ਕਿਹਾ, ”ਬਾਇਡਨ ਦੀ ਪ੍ਰਚਾਰ ਮੁਹਿੰਮ ਦਾ ਮੁੱਖ ਆਧਾਰ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਤਾਨਾਸ਼ਾਹੀ ਫਾਸੀਵਾਦੀ ਹਨ, ਜਿਨ੍ਹਾਂ ਨੂੰ ਹਰ ਕੀਮਤ ‘ਤੇ ਰੋਕਿਆ ਜਾਣਾ ਚਾਹੀਦਾ ਹੈ। ਇਸ ਬਿਆਨਬਾਜ਼ੀ ਦੇ ਕਾਰਨ ਸਿੱਧੇ ਤੌਰ ‘ਤੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ।”
ਇਸ ਤੋਂ ਇਲਾਵਾ ਰਿਪਬਲਿਕਨ ਨੇਤਾ ਅਤੇ ਸੰਸਦ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਦੋਸ਼ ਲਾਇਆ ਕਿ ਡੈਮੋਕ੍ਰਟਸ ਚਾਹੁੰਦੇ ਹਨ ਕਿ ਟਰੰਪ ਅਤੇ ਉਨ੍ਹਾਂ ਦੇ ਸਮਰਥਕ ਮਰ ਜਾਣ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਨੇ ਦਾਨੀਆਂ ਨੂੰ ਕਿਹਾ ਸੀ ਕਿ ਟਰੰਪ ਨੂੰ ਨਿਸ਼ਾਨਾ ਬਣਾਉਣ ਦਾ ਸਮਾਂ ਆ ਗਿਆ ਹੈ ਅਤੇ ਬਿਲਕੁਲ ਅਜਿਹਾ ਹੀ ਹੋਇਆ।
ਟਰੰਪ ‘ਤੇ ਖੁਦ ‘ਤੇ ਹਮਲਾ ਕਰਵਾਉਣ ਦਾ ਵੀ ਦੋਸ਼
ਇਕ ਪਾਸੇ ਟਰੰਪ ਦੀ ਪਾਰਟੀ ਬਾਇਡਨ ਅਤੇ ਡੈਮੋਕ੍ਰੇਟਸ ‘ਤੇ ਹਮਲਾ ਕਰਵਾਉਣ ਦਾ ਦੋਸ਼ ਲਾ ਰਹੀ ਹੈ ਤੇ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਖੁਦ ਟਰੰਪ ਨੇ ਕਰਵਾਇਆ ਹੈ, ਤਾਂ ਕਿ ਉਹ ਰਾਸ਼ਟਰਪਤੀ ਚੋਣਾਂ ‘ਚ ਜਿੱਤ ਜਾਣ।