-ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸਮਾਨ ‘ਤੇ ਟੈਰਿਫ ਲਾਉਣ ਦਾ ਐਲਾਨ
-ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ ‘ਚ ਲਗਾਤਾਰ ਵਧ ਰਹੀ ਆਮਦ ਤੋਂ ਨਾਰਾਜ਼
ਵਾਸ਼ਿੰਗਟਨ, 27 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਦੂਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ 20 ਜਨਵਰੀ 2025 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਆਪਣੇ ਗੁਆਂਢੀ ਮੁਲਕਾਂ ਕੈਨੇਡਾ ਅਤੇ ਮੈਕਸੀਕੋ ਸਮੇਤ ਚੀਨ ਨਾਲ ਵੀ ਵਪਾਰਕ ਲੜਾਈ ਲੜੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਆਪਣੇ ਸੋਸ਼ਲ ਮੀਡੀਆ ‘ਟਰੂਥ’ ‘ਤੇ ਇਹ ਐਲਾਨ ਕੀਤਾ ਕਿ ਜੇ ਇਹ ਦੇਸ਼ ਉਸ ਦੀਆਂ ਸ਼ਰਤਾਂ ਨਹੀਂ ਮੰਨਣਗੇ, ਤਾਂ ਇਨ੍ਹਾਂ ਮੁਲਕਾਂ ‘ਤੇ ਟੈਰਿਫ ਆਇਦ ਕਰ ਦਿੱਤੀ ਜਾਵੇਗੀ। ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਕਾਂ ਤੋਂ ਭਾਰੀ ਮਾਤਰਾ ਵਿਚ ਡਰੱਗ ਅਮਰੀਕਾ ਪਹੁੰਚ ਰਹੀ ਹੈ। ਇਸ ਦੇ ਨਾਲ-ਨਾਲ ਗੈਰ ਕਾਨੂੰਨੀ ਲੋਕ ਵੀ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਇਨ੍ਹਾਂ ਮੁਲਕਾਂ ‘ਤੇ ਟੈਰਿਫ ਓਨੀ ਦੇਰ ਲਾਗੂ ਰਹੇਗੀ, ਜਿੰਨੀ ਦੇਰ ਇਹ ਮੁਲਕ ਮੇਰੀਆਂ ਸ਼ਰਤਾਂ ਵੱਲ ਧਿਆਨ ਨਹੀਂ ਦਿੰਦੇ।
ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਾਲਡ ਟਰੰਪ ਨੂੰ ਫੋਨ ਕਰਕੇ ਕਿਹਾ ਹੈ ਕਿ ਸਾਡੇ ਦੋਵਾਂ ਮੁਲਕਾਂ ਦੇ ਸੰਬੰਧ ਬਹੁਤ ਪੁਰਾਣੇ ਤੇ ਚੰਗੇ ਹਨ, ਇਸ ਵਿਚ ਵਿਗਾੜ ਨਹੀਂ ਪੈਣਾ ਚਾਹੀਦਾ। ਇਸੇ ਤਰ੍ਹਾਂ ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਹੈ ਕਿ ਟੈਰਿਫ ਲਾਉਣ ਜਾਂ ਧਮਕੀਆਂ ਦੇਣ ਨਾਲ ਅਜਿਹੇ ਮੁੱਦੇ ਹੱਲ ਨਹੀਂ ਹੁੰਦੇ। ਉੱਧਰ ਚੀਨ ਦੇ ਅੰਬੈਸਡਰ ਨੇ ਵੀ ਅਮਰੀਕਾ ਦੇ ਨਵੇਂ ਚੁਣੇ ਗਏ ਡੋਨਾਲਡ ਟਰੰਪ ਨੂੰ ਇਸ ਬਾਰੇ ਮੁੜ ਵਿਚਾਰ ਕਰਨ ਲਈ ਹਦਾਇਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਇਨ੍ਹਾਂ ਮੁਲਕਾਂ ਤੋਂ ਵੱਖ-ਵੱਖ ਸਾਮਾਨ ਆਯਾਤ ਕਰਦਾ ਹੈ, ਜਿਨ੍ਹਾਂ ਵਿਚ ਗੈਸ, ਲੱਕੜ, ਪਲਾਸਟਿਕ, ਫਰਨੀਚਰ, ਮਸ਼ੀਨਰੀ, ਕਾਰਾਂ, ਇਲੈਕਟ੍ਰਾਨਿਕ ਸਾਮਾਨ, ਕੰਪਿਊਟਰ, ਫੋਨ, ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਸਾਮਾਨ, ਗਰੋਸਰੀ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਸ਼ਾਮਲ ਹੈ। ਜੇ ਇਨ੍ਹਾਂ ਮੁਲਕਾਂ ‘ਤੇ ਟੈਰਿਫ ਲਾ ਦਿੱਤੀ ਗਈ, ਤਾਂ ਅਮਰੀਕਾ ਵਿਚ ਇਨ੍ਹਾਂ ਮੁਲਕਾਂ ਤੋਂ ਆਉਣ ਵਾਲਾ ਸਾਮਾਨ ਮਹਿੰਗੇ ਭਾਅ ਮਿਲੇਗਾ, ਜਿਸ ਵਿਚ ਦੇਸ਼ ਵਿਚ ਮਹਿੰਗਾਈ ਵਧ ਸਕਦੀ ਹੈ।