#CANADA

ਟਰੇਸੀ ਅਦਾਲਤ ਵੱਲੋਂ ਡਾਲਰ ਦੇ ਨਕਲੀ ਸਿੱਕੇ ਸਮਗਲਿੰਗ ਦੇ ਦੋਸ਼ ‘ਚ ਜੀਨ ਫਰਾਂਕਸ ਨੂੰ 9 ਮਹੀਨੇ ਦੀ ਕੈਦ

ਐਬਟਸਫੋਰਡ, 19 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਸੋਰਲ ਟਰੇਸੀ ਦੀ ਅਦਾਲਤ ਨੇ ਕੈਨੇਡਾ ‘ਚ ਡਾਲਰ ਦੇ ਨਕਲੀ ਸਿੱਕੇ ਸਮਗਲਿੰਗ ਕਰਨ ਦੇ ਦੋਸ਼ ‘ਚ ਜੀਨ ਫਰਾਂਕਸ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਮਾਂਟਰੀਅਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਲਾਸ਼ੀ ਦੌਰਾਨ ਚੀਨ ਤੋਂ ਕੋਰੀਅਰ ਕੀਤੇ ਇਕ ਡੱਬੇ ‘ਚੋਂ 12 ਹਜ਼ਾਰ 49 ਨਕਲੀ ਸਿੱਕੇ ਮਿਲੇ ਸਨ। ਇਹ ਕੋਰੀਅਰ ਸੋਰਲ ਟਰੇਸੀ ਨਿਵਾਸੀ ਜੀਨ ਫਰਾਂਕਸ ਦੇ ਨਾਂ ‘ਤੇ ਆਇਆ ਸੀ, ਜਿਸ ਤੋਂ ਬਾਅਦ ਏਜੰਸੀ ਦੇ ਜਾਂਚ ਅਧਿਕਾਰੀਆਂ ਨੇ ਸਰਚ ਵਾਰੰਟ ਲੈ ਕੇ ਕੋਰੀਅਰ ‘ਤੇ ਲਿਖੇ ਪਤੇ ‘ਤੇ ਪਹੁੰਚ ਕੇ ਜੀਨ ਫਰਾਂਕਸ ਦੇ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰ ‘ਚੋਂ ਕੈਨੇਡੀਅਨ ਡਾਲਰ ਦੇ 14 ਹਜ਼ਾਰ 581 ਨਕਲੀ ਸਿੱਕੇ ਅਤੇ 91 ਅਮਰੀਕਨ 50 ਡਾਲਰ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਤੇ ਕੁੱਲ 2 ਡਾਲਰ ਦੇ 26 ਹਜ਼ਾਰ 630 ਨਕਲੀ ਸਿੱਕੇ ਬਰਾਮਦ ਕੀਤੇ ਗਏ ਸਨ। ਵਰਣਨਯੋਗ ਹੈ ਕਿ ਕੈਨੇਡਾ ‘ਚ ਪਹਿਲਾਂ 2 ਡਾਲਰ ਦਾ ਕਾਗ਼ਜ਼ੀ ਨੋਟ ਹੁੰਦਾ ਸੀ, ਜਿਹੜਾ 18 ਫਰਵਰੀ 1996 ਨੂੰ ਛਾਪਣਾ ਬੰਦ ਕਰ ਦਿੱਤਾ ਸੀ।