ਟੋਰਾਂਟੋ, 19 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀਆਂ ਖ਼ਾਸ ਕਰ ਕੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਦਰਅਸਲ ਕੈਨੇਡੀਅਨ ਸਰਕਾਰ ਨੇ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (ਪੀ.ਐੱਨ.ਪੀ.) ਦੇ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਮੌਕੇ ਖੋਲ੍ਹ ਦਿੱਤੇ ਹਨ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਸੋਮਵਾਰ 16 ਦਸੰਬਰ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ 1,085 ਵਿਅਕਤੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਵੀ ਇਸੇ ਪ੍ਰੋਗਰਾਮ ਤਹਿਤ 676 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।
ਇਕ ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਪੀ.ਐੱਨ.ਪੀ. ਰਾਹੀਂ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰ ਸਕਦੇ ਹਨ। ਇਹ ਪ੍ਰੋਗਰਾਮ ਵਿਅਕਤੀਆਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪੀ.ਐੱਨ.ਪੀ. ਉਨ੍ਹਾਂ ਕਾਮਿਆਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਕੋਲ ਸੂਬੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਲੋੜੀਂਦੇ ਹੁਨਰ, ਸਿੱਖਿਆ ਅਤੇ ਕੰਮ ਦਾ ਤਜਰਬਾ ਹੈ। ਹਰੇਕ ਪ੍ਰਾਂਤ ਅਤੇ ਖੇਤਰ ਦੇ ਆਪਣੇ ਵੱਖ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦੇ ਹਨ, ਜੋ ਵਿਦਿਆਰਥੀਆਂ, ਉੱਦਮੀਆਂ ਅਤੇ ਹੁਨਰਮੰਦ ਕਾਮਿਆਂ ਵਿਸ਼ੇਸ਼ ਸਮੂਹਾਂ ਲਈ ਤਿਆਰ ਕੀਤੇ ਗਏ ਹਨ।
ਐਕਸਪ੍ਰੈਸ ਐਂਟਰੀ ਸਿਸਟਮ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਲਈ ਹੈ। ਇਹ ਪ੍ਰੋਗਰਾਮ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟਰੇਡ ਪ੍ਰੋਗਰਾਮ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (ਪੀ.ਐੱਨ.ਪੀ.) ਸ਼ਾਮਲ ਹਨ।