#PUNJAB

ਜੱਗੀ ਜੌਹਲ ਅਸਲਾ ਤੇ ਯੂ.ਏ.ਪੀ. ਐਕਟ ਤਹਿਤ ਕੇਸ ‘ਚੋਂ ਬਰੀ

-ਕਤਲ ਸਣੇ ਹੋਰ ਕੇਸਾਂ ਕਾਰਨ ਨਹੀਂ ਹੋਈ ਰਿਹਾਈ
ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)-ਸੂਬੇ ਵਿਚ ਕਰੀਬ ਨੌਂ ਵਰ੍ਹੇ ਪਹਿਲਾਂ ਹਿੰਦੂ ਜਥੇਬੰਦੀ ਦੇ ਆਗੂਆਂ ਸਣੇ ਮਿੱਥ ਕੇ ਕੀਤੇ ਕਤਲਾਂ ‘ਚ ਕਥਿਤ ਤੌਰ ‘ਤੇ ਸ਼ਾਮਲ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇਥੇ ਥਾਣਾ ਬਾਘਾਪੁਰਾਣਾ ਵਿਚ 17 ਦਸੰਬਰ 2016 ਨੂੰ ਅਸਲਾ ਅਤੇ ਯੂ.ਏ.ਪੀ. ਐਕਟ ਤਹਿਤ ਦਰਜ ਕੇਸ ‘ਚੋਂ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹੋਰ ਕਤਲ ਕੇਸਾਂ ‘ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ। ਉਹ ਦਿੱਲੀ ਦੀ ਤਿਹਾੜ ਜੇਲ੍ਹ ‘ਚ ਹੈ।
ਇਥੇ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਥਾਣਾ ਬਾਘਾਪੁਰਾਣਾ ਵਿਚ 17 ਦਸੰਬਰ 2016 ਨੂੰ ਅਸਲਾ ਅਤੇ ਯੂ.ਏ.ਪੀ. ਐਕਟ ਤਹਿਤ ਦਰਜ ਐੱਫ.ਆਈ.ਆਰ. ‘ਚ ਜੱਗੀ ਜੌਹਲ, ਭਾਈ ਹਰਮਿੰਦਰ ਸਿੰਘ ਮਿੰਟੂ ਪਿੰਡ ਡੱਲੀ (ਜਲੰਧਰ), ਰਮਨਦੀਪ ਸਿੰਘ ਪਿੰਡ ਚੂਹੜਵਾਲ (ਲੁਧਿਆਣਾ), ਤਿਲਜੀਤ ਸਿੰਘ ਉਰਫ਼ ਜਿਮੀ ਵਾਸੀ ਜੰਮੂ, ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਸਣੇ ਅੱਠ ਨਾਮਜ਼ਦ ਮੁਲਜ਼ਮ ਸਨ। ਅਦਾਲਤ ਨੇ ਤਿਲਜੀਤ ਸਿੰਘ, ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਕੈਦ ਅਤੇ 3-3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਜੱਗੀ ਜੌਹਲ ਸਾਲ 2017 ਵਿਚ ਵਿਆਹ ਕਰਵਾਉਣ ਪੰਜਾਬ ਆਇਆ ਸੀ। ਉਸ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਮੁਟਿਆਰ ਨਾਲ ਹੋਇਆ ਸੀ। ਵਿਆਹ ਤੋਂ 15 ਦਿਨ ਬਾਅਦ 4 ਨਵੰਬਰ ਨੂੰ ਸਟੇਟ ਸਪੈਸ਼ਲ ਸੈੱਲ ਨੇ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ‘ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿੱਥ ਕੇ ਕੀਤੇ ਕਤਲਾਂ ਦੀਆਂ ਵਾਰਦਾਤਾਂ ‘ਚ ਨਾਮਜ਼ਦ ਕਰਨ ਮਗਰੋਂ ਇਹ ਪੜਤਾਲ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਤਬਦੀਲ ਹੋ ਗਈ ਸੀ।
ਬਰਤਾਨੀਆ ਦੇ ਨਾਗਰਿਕ ‘ਤੇ ਇਨ੍ਹਾਂ ਸਿਆਸੀ ਕਤਲਾਂ ਲਈ ਅਤੇ ਅੱਤਵਾਦੀ ਗਤੀਵਿਧੀਆਂ ਕਰਵਾਉਣ ਸਣੇ ਖਾਲਿਸਤਾਨੀ ਸੰਗਠਨਾਂ ਨੂੰ ਅਰਾਜਕਤਾ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਾਖਾਨਾ (ਫ਼ਰੀਦਕੋਟ) ‘ਚ 26 ਜੂਨ 2017 ਨੂੰ ਦਰਜ ਕੇਸ ਵਿਚ ਜੁਲਾਈ 2019 ਨੂੰ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।