ਜੰਮੂ, 17 ਸਤੰਬਰ (ਪੰਜਾਬ ਮੇਲ)- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਸ ‘ਚ 23.27 ਲੱਖ ਵੋਟਰ ਸ਼ਾਮਲ ਹੋਣਗੇ। ਪਹਿਲੇ ਪੜਾਅ ਦੀਆਂ 24 ‘ਚੋਂ 8 ਸੀਟਾਂ ਜੰਮੂ ਡਿਵੀਜ਼ਨ ਅਤੇ 16 ਸੀਟਾਂ ਕਸ਼ਮੀਰ ਘਾਟੀ ‘ਚ ਹਨ। ਸਭ ਤੋਂ ਜ਼ਿਆਦਾ 7 ਸੀਟਾਂ ਅਨੰਤਨਾਗ ਅਤੇ ਸਭ ਤੋਂ ਘੱਟ 2-2 ਸੀਟਾਂ ਸ਼ੋਪੀਆਂ ਅਤੇ ਰਾਮਬਨ ਜ਼ਿਲ੍ਹੇ ਦੀਆਂ ਹਨ।
ਚੋਣ ਕਮਿਸ਼ਨ ਅਨੁਸਾਰ ਪਹਿਲੇ ਪੜਾਅ ‘ਚ 219 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ‘ਚ 9 ਔਰਤਾਂ ਅਤੇ 92 ਆਜ਼ਾਦ ਉਮੀਦਵਾਰ ਹਨ। 110 ਉਮੀਦਵਾਰ ਕਰੋੜਪਤੀ ਹਨ, ਜਦੋਂਕਿ 36 ‘ਤੇ ਕ੍ਰਿਮੀਨਲ ਮਾਮਲੇ ਦਰਜ ਹਨ। ਇਸ ਪੜਾਅ ‘ਚ ਮੁਫ਼ਤੀ ਪਰਿਵਾਰ ਦਾ ਗੜ੍ਹ ਰਹੀ ਬਿਜਬੇਹਰਾ ਸੀਟ ਵੀ ਹੈ। ਇੱਥੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਪਹਿਲੀ ਵਾਰ ਚੋਣ ਲੜ ਰਹੀ ਹੈ। ਮਹਿਬੂਬਾ ਅਤੇ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹੰਮਦ ਸਈਅਦ ਮੁੱਖ ਮੰਤਰੀ ਰਹਿ ਚੁੱਕੇ ਹਨ।
ਜੰਮੂ ਕਸ਼ਮੀਰ ਦੀਆਂ 90 ਸੀਟਾਂ ‘ਤੇ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਤਿੰਨ ਪੜਾਵਾਂ ‘ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨ ਕੀਤੇ ਜਾਣਗੇ। ਦਰਅਸਲ ਜੰਮੂ ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 2014 ਦੀਆਂ ਚੋਣਾਂ ‘ਚ ਪੀ.ਡੀ.ਪੀ. ਨੇ ਸਭ ਤੋਂ ਜ਼ਿਆਦਾ 28 ਅਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ। ਦੋਹਾਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ ਸੀ। ਪਹਿਲੇ ਪੜਾਅ ‘ਚ ਅਨੰਤਨਾਗ ਦੀਆਂ 7, ਪੁਲਵਾਮਾ ਦੀਆਂ 4, ਕੁਲਗਾਮ, ਕਿਸ਼ਤਵਾੜ ਅਤੇ ਡੋਡਾ ਦੀਆਂ 3-3, ਸ਼ੋਪੀਆਂ ਅਤੇ ਰਾਮਬਨ ਦੀਆਂ 2-2 ਸੀਟਾਂ ‘ਤੇ ਵੋਟਾਂ ਪੈਣਗੀਆਂ। ਡੋਡਾ, ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹੇ ਜੰਮੂ ਡਿਵੀਜ਼ਨ ਜਦੋਂਕਿ ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਕਸ਼ਮੀਰ ਡਿਵੀਜ਼ਨ ‘ਚ ਆਉਂਦੇ ਹਨ। ਪੁਲਵਾਮਾ ਦੀ ਪੰਪੋਰ ਸੀਟ ‘ਤੇ ਸਭ ਤੋਂ ਜ਼ਿਆਦਾ 14 ਉਮੀਦਵਾਰ ਹਨ। ਉੱਥੇ ਹੀ ਅਨੰਤਨਾਗ ਦੀ ਬਿਜਬੇਹਰਾ ਸੀਟ ‘ਤੇ ਸਿਰਫ਼ 3 ਉਮੀਦਵਾਰਾਂ ਦਰਮਿਆਨ ਚੋਣ ਲੜਾਈ ਹੈ।