#INDIA

ਜੰਮੂ ਕਸ਼ਮੀਰ ਬੱਸ ਹਮਲਾ: ਫ਼ੌਜ, ਪੁਲਿਸ ਤੇ ਸੀ.ਆਰ.ਪੀ.ਐੱਫ. ਨੇ ਅੱਤਵਾਦੀਆਂ ਦੀ ਭਾਲ ਲਈ ਵਿਆਪਕ ਮੁਹਿੰਮ ਚਲਾਈ

ਜੰਮੂ, 10 ਜੂਨ (ਪੰਜਾਬ ਮੇਲ)- ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਯਾਤਰੀ ਬੱਸ ‘ਤੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਫ਼ੌਜ, ਪੁਲਿਸ ਅਤੇ ਸੀ.ਆਰ.ਪੀ.ਐੱਫ. ਸਮੇਤ ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲੇ ਦੀ ਸਰਹੱਦ ਨਾਲ ਲੱਗਦੇ ਖੇਤਰ ਨੂੰ ਘੇਰ ਲਿਆ ਹੈ। ਡਰੋਨ ਅਤੇ ਸੂਹੀਆ ਕੁੱਤਿਆਂ ਸਮੇਤ ਨਿਗਰਾਨੀ ਉਪਕਰਣਾਂ ਨਾਲ ਲੈਸ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਅਤੇ ਆਸਪਾਸ ਦੇ ਖੇਤਰਾਂ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਹਮਲੇ ‘ਚ ਸ਼ਾਮਲ ਅੱਤਵਾਦੀਆਂ ਦੇ ਰਾਜੌਰੀ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ‘ਚ ਲੁਕੇ ਹੋਣ ਦਾ ਸ਼ੱਕ ਹੈ। ਇਸ ਖੇਤਰ ਵਿਚ ਸੰਘਣੇ ਜੰਗਲ ਅਤੇ ਡੂੰਘੀਆਂ ਖੱਡਾਂ ਹਨ।