#PUNJAB

ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲਿਆਂ ਪਿੱਛੋਂ ਪੰਜਾਬ ਵਿਚ ਵੀ ਸੁਰੱਖਿਆ ਵਿਵਸਥਾ ਮਜ਼ਬੂਤ

ਜਲੰਧਰ, 15 ਜੂਨ (ਪੰਜਾਬ ਮੇਲ)- ਜੰਮੂ-ਕਸ਼ਮੀਰ ‘ਚ ਹੁਣੇ ਜਿਹੇ ਹੋਏ ਅੱਤਵਾਦੀ ਹਮਲਿਆਂ ਪਿੱਛੋਂ ਪੰਜਾਬ ਵਿਚ ਵੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਜਿਵੇਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਵਾਧੂ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਸੂਬੇ ਵਿਚ ਕਿਸੇ ਵੀ ਅੱਤਵਾਦੀ ਘਟਨਾ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ।
ਇਸੇ ਵਿਚਾਲੇ ਪੰਜਾਬ ਪੁਲਿਸ ਨੇ ਭਾਰਤੀ ਫ਼ੌਜ ਅਤੇ ਹੋਰ ਕੇਂਦਰੀ ਏਜੰਸੀਆਂ ਨਾਲ ਉੱਚ-ਪੱਧਰੀ ਬੈਠਕਾਂ ਕੀਤੀਆਂ ਹਨ, ਜਿਨ੍ਹਾਂ ਵਿਚ ਸੁਰੱਖਿਆ ਵਿਵਸਥਾ ‘ਤੇ ਗੰਭੀਰ ਚਿੰਤਨ ਕੀਤਾ ਗਿਆ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨਾਲ ਵੀ ਬੈਠਕਾਂ ਕੀਤੀਆਂ ਹਨ, ਜਿਨ੍ਹਾਂ ਵਿਚ ਸਰਹੱਦ ‘ਤੇ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵਿਚਾਲੇ ਤਾਲਮੇਲ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਹੋਈਆਂ ਅੱਤਵਾਦੀ ਘਟਨਾਵਾਂ ਨੂੰ ਵੇਖਦਿਆਂ ਕਿਊ.ਆਰ.ਟੀ., ਐੱਸ.ਓ.ਜੀ. ਯੂਨਿਟਾਂ ਅਤੇ ਕਮਾਂਡੋਜ਼ ਨੂੰ ਵੱਖ-ਵੱਖ ਖੇਤਰਾਂ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਪੰਜਾਬ ਵਿਚ ਦਾਖਲ ਹੋਣ ਵਾਲੇ ਵਾਹਨਾਂ ਦੀ ਅੰਤਰਰਾਜੀ ਨਾਕਿਆਂ ‘ਤੇ ਤਲਾਸ਼ੀ ਲਈ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਅੱਜ ਬੀ.ਐੱਸ.ਐੱਫ. ਦੇ ਨਾਲ ਮਿਲ ਕੇ ਸਰਹੱਦੀ ਖੇਤਰਾਂ ਵਿਚ ਕੰਡਿਆਲੀ ਵਾੜ ਨੇੜੇ ਸਰਚ ਆਪ੍ਰੇਸ਼ਨ ਵੀ ਚਲਾਇਆ ਅਤੇ ਨਾਲ ਹੀ ਡੀ.ਜੀ.ਪੀ. ਦੀਆਂ ਹਦਾਇਤਾਂ ਤੋਂ ਬਾਅਦ ਸੰਵੇਦਨਸ਼ੀਲ ਇਲਾਕਿਆਂ ਵਿਚ ਐੱਸ.ਓ.ਜੀ. ਕਮਾਂਡੋਜ਼ ਨੂੰ ਉਨ੍ਹਾਂ ਦੇ ਬੁਲੇਟ ਪਰੂਫ਼ ਅਤਿ-ਆਧੁਨਿਕ ਵਾਹਨਾਂ ਦੇ ਨਾਲ ਤਾਇਨਾਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬਾ ਪੁਲਿਸ ਨੂੰ ਸੂਬੇ ਵਿਚ ਪੂਰੀ ਤਰ੍ਹਾਂ ਅਮਨ-ਸ਼ਾਂਤੀ ਬਣਾ ਕੇ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਪੰਜਾਬ ਦੇ ਸਰਹੱਦੀ ਖੇਤਰਾਂ ‘ਚ (ਖੱਬੇ) ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਦੇ ਜਵਾਨ ਸਰਚ ਆਪ੍ਰੇਸ਼ਨ ਵਿਚ ਹਿੱਸਾ ਲੈਂਦੇ ਹੋਏ ਅਤੇ (ਸੱਜੇ) ਐੱਸ.ਓ.ਜੀ. ਕਮਾਂਡੋਜ਼ ਨੂੰ ਅਤਿ-ਆਧੁਨਿਕ ਬੁਲੇਟ ਪਰੂਫ ਵਾਹਨਾਂ ਦੇ ਨਾਲ ਸੰਵੇਦਨਸ਼ੀਲ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ।