#INDIA

ਜੰਮੂ-ਕਸ਼ਮੀਰ ‘ਚ ਬੱਸ ‘ਤੇ ਅੱਤਵਾਦੀ ਹਮਲਾ: 9 ਮ੍ਰਿਤਕਾਂ ‘ਚ 4 ਰਾਜਸਥਾਨ ਤੇ 3 ਯੂ.ਪੀ. ਦੇ

ਜੰਮੂ, 10 ਜੂਨ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹੋਏ ਘਾਤਕ ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲੇ 9 ਵਿਅਕਤੀਆਂ ਦੀ ਅੱਜ ਸ਼ਨਾਖਤ ਕਰ ਲਈ। ਹਮਲੇ ‘ਚ ਜਾਨ ਗਵਾਉਣ ਵਾਲਿਆਂ ‘ਚੋਂ ਚਾਰ ਰਾਜਸਥਾਨ ਦੇ ਰਹਿਣ ਵਾਲੇ ਸਨ, ਜਿਨ੍ਹਾਂ ‘ਚ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਦਕਿ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਹਮਲੇ ‘ਚ ਜ਼ਖ਼ਮੀ ਹੋਏ 41 ਸ਼ਰਧਾਲੂਆਂ ‘ਚੋਂ 10 ਨੂੰ ਗੋਲੀ ਲੱਗੀ। ਜ਼ਖਮੀਆਂ ‘ਚ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਦਾ ਜੰਮੂ ਅਤੇ ਰਿਆਸੀ ਜ਼ਿਲ੍ਹਿਆਂ ਦੇ ਤਿੰਨ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਬੱਸ ਦਾ ਡਰਾਈਵਰ ਵਿਜੈ ਕੁਮਾਰ ਦਸਾਨੂ ਰਾਜਬਾਗ, ਜਦਕਿ ਕੰਡਕਟਰ ਅਰੁਣ ਕੁਮਾਰ ਕਟੜਾ ਦੇ ਪਿੰਡ ਕੰਡੇਰਾ ਦਾ ਰਹਿਣ ਵਾਲਾ ਸੀ। ਦੋਵੇਂ ਰਿਆਸੀ ਜ਼ਿਲ੍ਹੇ ਦੇ ਸਨ।
ਇਸ ਦੌਰਾਨ ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਹਮਲੇ ‘ਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।