#EUROPE

ਜੰਗ ਦੇ ਮੈਦਾਨਾਂ ‘ਚੋਂ ਨਹੀਂ ਨਿਕਲ ਸਕਦਾ ਸਮੱਸਿਆਵਾਂ ਦਾ ਹੱਲ : ਮੋਦੀ

ਜ਼ਗਰੇਬ,  19 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ‘ਤੇ ਬੁੱਧਵਾਰ ਨੂੰ ਯੂਰਪੀਅਨ ਮੁਲਕ ਕ੍ਰੋਏਸ਼ੀਆ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਕ੍ਰੋਏਸ਼ੀਆ ਦੌਰਾ ਹੈ, ਜਿਸ ਦੌਰਾਨ ਉਨ੍ਹਾਂ ਆਪਸੀ ਹਿੱਤ ਦੇ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮੇਜ਼ਬਾਨ ਬਾਲਕਨ ਮੁਲਕ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕ੍ਰੋਏਸ਼ੀਆ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਭਾਵੇਂ ਇਹ ਯੂਰਪ ਹੋਵੇ ਜਾਂ ਏਸ਼ੀਆ, ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਨਿਕਲ ਸਕਦਾ ਅਤੇ ਜ਼ੋਰ ਦੇ ਕੇ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਇਕੋ-ਇਕ ਰਸਤਾ ਹੈ।
ਕ੍ਰੋਏਸ਼ੀਆ ਦੇ ਹਮਰੁਤਬਾ ਆਂਦਰੇਜ਼ ਪਲੇਂਕੋਵਿਕ ਨਾਲ ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ ਇਕ ਸਾਂਝੇ ਪ੍ਰੈੱਸ ਬਿਆਨ ‘ਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਕ੍ਰੋਏਸ਼ੀਆ ਰੱਖਿਆ ਸਹਿਯੋਗ ਯੋਜਨਾ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ ਹਨ ਅਤੇ ਦੋਵੇਂ ਦੇਸ਼ਾਂ ਨੇ ਵਪਾਰ, ਨਵਿਆਉਣਯੋਗ ਊਰਜਾ ਅਤੇ ਸੈਮੀਕੰਡਕਟਰਾਂ ਸਮੇਤ ਕਈ ਮੁੱਖ ਖੇਤਰਾਂ ‘ਚ ਸਹਿਯੋਗ ਨੂੰ ਵਧਾਉਣ ਦਾ ਸੰਕਲਪ ਲਿਆ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਕ੍ਰੋਏਸ਼ੀਅਨ ਹਮਰੁਤਬਾ ਨੇ ਦੁਵੱਲੇ ਸੰਬੰਧਾਂ ਨੂੰ ਤਿੰਨ ਗੁਣਾ ਗਤੀ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਸਹਿਮਤ ਹੋਏ ਹਾਂ ਕਿ ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ। ਅੱਤਵਾਦ ਉਨ੍ਹਾਂ ਤਾਕਤਾਂ ਲਈ ਦੁਸ਼ਮਣ ਹੈ, ਜੋ ਲੋਕਤੰਤਰ ‘ਚ ਵਿਸ਼ਵਾਸ ਰੱਖਦੀਆਂ ਹਨ। ਅਸੀਂ ਸਹਿਮਤ ਹਾਂ, ਭਾਵੇਂ ਯੂਰਪ ਹੋਵੇ ਜਾਂ ਏਸ਼ੀਆ ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਲੱਭਿਆ ਜਾ ਸਕਦਾ ਅਤੇ ਗੱਲਬਾਤ ਅਤੇ ਕੂਟਨੀਤੀ ਹੀ ਇਕੋ-ਇਕ ਰਸਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਪੱਛਮੀ ਏਸ਼ੀਆ ‘ਚ ਵਧਦੇ ਤਣਾਅ ਦੇ ਵਿਚਕਾਰ ਆਈਆਂ ਹਨ, ਕਿਉਂਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਫ਼ੌਜੀ ਟਕਰਾਅ ਤੇਜ਼ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਰਹੱਦ ਪਾਰ ਅੱਤਵਾਦ ਨਾਲ ਲੜਨ ‘ਚ ਭਾਰਤ ਨੂੰ ਦ੍ਰਿੜ੍ਹ ਸਮਰਥਨ ਦੇਣ ਲਈ ਕ੍ਰੋਏਸ਼ੀਆ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਭਾਰਤ-ਯੂਰਪੀ ਸੰਘ ਦੇ ਰਣਨੀਤਿਕ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਸੱਦਾ ਵੀ ਦਿੱਤਾ।