#PUNJAB

ਜੰਗ-ਏ-ਆਜ਼ਾਦੀ ਯਾਦਗਾਰ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਈ

ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਇਕ ਨੋਟਿਸ ਜਾਰੀ ਕਰਦਿਆਂ ਸਾਬਕਾ ਰਾਜ ਸਭਾ ਮੈਂਬਰ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਜਲੰਧਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰੀ ਦੇ ਨਿਰਮਾਣ ਵਿਚ ਫੰਡਾਂ ਦੀ ਹੇਰਾਫੇਰੀ ਦੇ ਸਬੰਧ ਵਿਚ ਵਿਜੀਲੈਂਸ ਬਿਊਰੋ ਵੱਲੋਂ ਜਲੰਧਰ ‘ਚ ਕਰੀਬ ਇਕ ਹਫ਼ਤੇ ਪਹਿਲਾਂ ਹਮਦਰਦ ਖ਼ਿਲਾਫ਼ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਇਕ ਕੇਸ ਦਰਜ ਕੀਤਾ ਗਿਆ ਸੀ। ਜਸਟਿਸ ਵਿਨੋਦ ਐੱਸ ਭਾਰਦਵਾਜ ਵੱਲੋਂ ਹਮਦਰਦ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਉਣ ਸਬੰਧੀ ਜਾਰੀ ਕੀਤੀਆਂ ਗਈਆਂ ਇਹ ਹਦਾਇਤਾਂ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਤੱਕ ਲਾਗੂ ਰਹਿਣਗੀਆਂ। ਅੱਜ ਮਾਮਲੇ ਦੀ ਸੁਣਵਾਈ ਦੌਰਾਨ ਹਮਦਰਦ ਵੱਲੋਂ ਉੱਚ ਅਦਾਲਤ ‘ਚ ਆਰ ਕਾਰਤੀਕੇ ਤੇ ਅਰਸ਼ਦੀਪ ਸਿੰਘ ਚੀਮਾ ਦੇ ਨਾਲ ਸੀਨੀਅਰ ਵਕੀਲ ਆਰ.ਐੱਸ. ਚੀਮਾ ਪੇਸ਼ ਹੋਏ। ਜਸਟਿਸ ਭਾਰਦਵਾਜ ਨੇ ਕੇਂਦਰੀ ਜਾਂਚ ਬਿਊਰੋ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਹਮਦਰਦ ਵੱਲੋਂ ਹੋਰ ਚੀਜ਼ਾਂ ਦੇ ਨਾਲ ਇਹ ਮਾਮਲਾ ਸੀ.ਬੀ.ਆਈ. ਵਰਗੀ ਕਿਸੇ ਆਜ਼ਾਦ ਏਜੰਸੀ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਇਸ ਵਿਵਾਦ ਵਿਚ ਗਲਤ ਢੰਗ ਨਾਲ ਘੜੀਸਿਆ ਜਾ ਰਿਹਾ ਹੈ।