ਚੰਡੀਗੜ੍ਹ, 30 ਨਵੰਬਰ (ਪੰਜਾਬ ਮੇਲ)- ਜੰਗਲਾਤ ਘਪਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੂਬੇ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਦੇ ਕੁਝ ਠੇਕੇਦਾਰਾਂ ’ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਛਾਪੇਮਾਰੀ ਕੀਤੀ। ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਸੂਬੇ ਵਿੱਚ ਕਰੀਬ 14 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤਹਿਤ 63 ਸਾਲਾ ਜੰਗਲਾਤ ਠੇਕੇਦਾਰ ਧਰਮਸੋਤ ਅਤੇ ਕੁਝ ਹੋਰਨਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।ਪੰਜ ਵਾਰ ਦੇ ਵਿਧਾਇਕ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।