ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਗੱਲਬਾਤ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਇਸ ਦੌਰਾਨ ਵ੍ਹਾਈਟ ਹਾਊਸ ਰੂਸ ‘ਤੇ ਯੂਕਰੇਨ ਦੇ ਨਾਲ 30 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ‘ਤੇ ਦਸਤਖ਼ਤਾਂ ਲਈ ਦਬਾਅ ਪਾ ਰਿਹਾ ਹੈ। ਇਸ ਦਾ ਉਦੇਸ਼ ਤਿੰਨ ਸਾਲਾਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਖ਼ਤਮ ਕਰਨਾ ਹੈ। White House ਅਤੇ ਕ੍ਰੈਮਲਿਨ ਨੇ ਗੱਲਬਾਤ ਦੇ ਸਾਰ ਬਾਰੇ ਤੁਰੰਤ ਕੋਈ ਵੇਰਵਾ ਨਹੀਂ ਦਿੱਤਾ ਪਰ ਦੋਵੇਂ ਧਿਰਾਂ ਨੇ ਪੁਸ਼ਟੀ ਕੀਤੀ ਹੈ ਕਿ ਗੱਲਬਾਤ ਖ਼ਤਮ ਹੋ ਗਈ ਹੈ। ਟਰੰਪ ਨੇ ਪੂਤਿਨ ਨਾਲ ਗੱਲਬਾਤ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਪੂਤਿਨ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਦੌਰਾਨ ਜ਼ਬਤ ਕੀਤੀ ਜ਼ਮੀਨ ਅਤੇ ਬਿਜਲੀ ਪਲਾਂਟਾਂ ਬਾਰੇ ਚਰਚਾ ਹੋਵੇਗੀ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਪੂਤਿਨ ਦੇ ਸ਼ਾਂਤੀ ਲਈ ਤਿਆਰ ਹੋਣ ਬਾਰੇ ਸ਼ੱਕ ਹੈ, ਕਿਉਂਕਿ ਰੂਸੀ ਫੌਜ ਯੂਕਰੇਨ ‘ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਪਿਛਲੇ ਹਫ਼ਤੇ ਯੂਕਰੇਨ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਵਿਚ ਹੋਈ ਗੱਲਬਾਤ ਦੌਰਾਨ ਅਮਰੀਕੀ ਪ੍ਰਸਤਾਵ ‘ਤੇ ਸਹਿਮਤੀ ਜਤਾਈ ਸੀ।
ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬਿਹਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਤੋਂ ਪਹਿਲਾਂ ਕਿਹਾ ਕਿ ਯੂਕਰੇਨ ਆਪਣੀ ਖੇਤਰੀ ਅਖੰਡਤਾ ਅਤੇ ਆਪਣੀ ਸੁਰੱਖਿਆ ਵਿਕਸਤ ਕਰਨ ਦੇ ਆਪਣੇ ਅਧਿਕਾਰ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਰਾਇਸੀਨਾ ਡਾਇਲਾਗ ਵਿਚ ਇਕ ਚਰਚਾ ਦੌਰਾਨ ਸਿਬਿਹਾ ਨੇ ਕਿਹਾ ਕਿ ਕੀਵ, ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕਣ ਲਈ 30 ਦਿਨਾਂ ਦੀ ਜੰਗਬੰਦੀ ਦਾ ਸਮਰਥਨ ਕਰਦਾ ਹੈ।
ਜੰਗਬੰਦੀ ਦੀ ਯੋਜਨਾ ਨੂੰ ਲੈ ਕੇ ਟਰੰਪ ਤੇ ਪੂਤਿਨ ਵਿਚਾਲੇ ਹੋਈ ਗੱਲਬਾਤ!
