#AMERICA

ਜੋਅ ਬਾਇਡਨ ਵੱਲੋਂ ਐਲਾਨ; ਜੇਕਰ ਕਾਂਗਰਸ ਇਜਾਜ਼ਤ ਦੇਵੇ ਤਾਂ ਤੁਰੰਤ ਕੀਤਾ ਜਾਵੇਗਾ US-Mexico Border ਬੰਦ

ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਜਾਰੀ ਇਕ ਬਿਆਨ ਵਿਚ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਤਜਵੀਜ਼ ਨੂੰ ਪ੍ਰਵਾਨਗੀ ਦੇਵੇ, ਤਾਂ ਯੂ.ਐੱਸ.-ਮੈਕਸੀਕੋ ਬਾਰਡਰ ਬੰਦ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਸੈਨੇਟ ‘ਚ ਬਾਰਡਰ ਸੁਰੱਖਿਆ ਸਬੰਧੀ ਉਚਿਤ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਤੇ ਜੇਕਰ ਸੰਸਦ ਮੈਂਬਰ ਬਾਰਡਰ ਸੰਕਟ ਪ੍ਰਤੀ ਗੰਭੀਰ ਹਨ, ਤਾਂ ਉਹ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਇਕ ਬਿੱਲ ਉਪਰ ਮੋਹਰ ਲਾ ਦੇਣ, ਜੋ ਬਿੱਲ ਉਨ੍ਹਾਂ ਨੂੰ ਬਾਰਡਰ ਬੰਦ ਕਰਨ ਦਾ ਅਧਿਕਾਰ ਦਿੰਦਾ ਹੋਵੇ। ਉਨ੍ਹਾਂ ਕਿਹਾ ਕਿ ਜਿਸ ਦਿਨ ਕਾਂਗਰਸ ਮੈਨੂੰ ਇਹ ਅਧਿਕਾਰ ਦੇ ਦੇਵੇਗੀ, ਮੈਂ ਉਸ ਦਿਨ ਹੀ ਬਿੱਲ ਉਪਰ ਦਸਤਖਤ ਕਰ ਦੇਵਾਂਗਾ ਤੇ ਯੂ.ਐੱਸ. ਮੈਕਸੀਕੋ ਬਾਰਡਰ ਬੰਦ ਕਰਨ ਲਈ ਕਾਰਵਾਈ ਸ਼ੁਰੂ ਹੋ ਜਾਵੇਗੀ। ਦੂਸਰੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜੋ 2024 ਦੀਆਂ ਚੋਣਾਂ ਵਿਚ ਰਿਪਬਲੀਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ, ਨੇ ਬਾਰਡਰ ਸਬੰਧੀ ਤਜਵੀਜ਼ ਦਾ ਆਪਣੇ ਸੋਸ਼ਲ ਮੀਡੀਆ ਵੈੱਬਸਾਈਟ ਟਰੁੱਥ ਉਪਰ ਪਾਈ ਇਕ ਪੋਸਟ ਵਿਚ ਜ਼ਬਰਦਸਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ”ਘਟੀਆ ਬਾਰਡਰ ਸਮਝੌਤਾ ਬਾਰਡਰ ਸਮਝੌਤਾ ਨਾ ਹੋਣ ਨਾਲੋਂ ਜਿਆਦਾ ਖਤਰਨਾਕ ਹੈ।” ਪ੍ਰਵਾਸੀਆਂ ਦੀ ਰਿਕਾਰਡ ਆਮਦ ਦਰਮਿਆਨ ਪਿਛਲੇ ਹਫਤੇ ਬਾਇਡਨ ਨੇ ਕਿਹਾ ਸੀ ਕਿ ਬਾਰਡਰ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਸਮੱਸਿਆ ਦੇ ਹੱਲ ਲਈ ਸ਼ਰਨ ਪ੍ਰਣਾਲੀ ਸਬੰਧੀ ਅਹਿਮ ਨੀਤੀਗਤ ਤਬਦੀਲੀਆਂ ਦਾ ਸੱਦਾ ਦਿੱਤਾ ਸੀ। ਰਾਜਸੀ ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਵਿਰੋਧ ਕਾਰਨ ਬਾਇਡਨ ਦੀ ਯੂ.ਐੱਸ.-ਮੈਕਸੀਕੋ ਸਰਹੱਦ ਤਜਵੀਜ਼ ਸਿਰੇ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਸੈਨੇਟ ਘੱਟ ਗਿਣਤੀ ਲੀਡਰ ਮਿਚ ਮੈਕੋਨਲ ਨੇ ਹੋਰ ਰਿਪਬਲੀਕਨ ਸੈਨੇਟ ਮੈਂਬਰਾਂ ਨਾਲ ਨਿੱਜੀ ਗੱਲਬਾਤ ਦੌਰਾਨ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੇ ਵਿਰੋਧ ਕਾਰਨ ਰਿਪਬਲੀਕਨ ਪਾਰਟੀ ਜੱਕੋਤੱਕੀ ਦੀ ਹਾਲਤ ਵਿਚ ਹੈ। ਬਹੁਤ ਸਾਰੇ ਪਾਰਟੀ ਮੈਂਬਰਾਂ ਦਾ ਮੰਨਣਾ ਹੈ ਕਿ ਬਾਰਡਰ ਸਮਝੌਤਾ ਨਾ ਹੋਣ ਦੀ ਹਾਲਤ ਵਿਚ ਬਾਇਡਨ ਦੱਖਣੀ ਬਾਰਡਰ ਰਾਹੀਂ ਪ੍ਰਵਾਸੀਆਂ ਦੀ ਆਮਦ ਰੋਕਣ ਨੂੰ ਲੈ ਕੇ ਜਿੱਤ ਦਾ ਦਾਅਵਾ ਨਹੀਂ ਕਰ ਸਕਣਗੇ।