#AMERICA

ਜੋਅ ਬਾਇਡਨ ਨੇ ਦੱਖਣੀ ਕੈਰੋਲੀਨਾ ਰਾਜ ‘ਚ ਡੈਮੋਕਰੇਟਿਕ ਪ੍ਰਾਇਮਰੀ ਦੀਆਂ Elections ਜਿੱਤੀਆਂ

ਵਾਸ਼ਿੰਗਟਨ, 5 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੱਖਣੀ ਕੈਰੋਲੀਨਾ ਸੂਬੇ ਵਿਚ ਹੋਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜੋ ਕਿ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਰਵਾਈ ਗਈ ਸੀ। ਇਸ ਨਾਲ ਉਨ੍ਹਾਂ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੇ ਰਸਤੇ ‘ਚ ਸ਼ਨੀਵਾਰ ਨੂੰ ਪਹਿਲੀ ਅਧਿਕਾਰਤ ਜਿੱਤ ਹਾਸਲ ਕੀਤੀ।
ਰਾਸ਼ਟਰਪਤੀ ਬਾਇਡਨ ਨੇ ਸ਼ਨੀਵਾਰ ਨੂੰ ਦੱਖਣੀ ਕੈਰੋਲੀਨਾ ਵਿਚ ਹੋਰ ਲੰਬੇ ਸਮੇਂ ਤੋਂ ਡੈਮੋਕਰੇਟਸ ਨੂੰ ਹਰਾਇਆ, ਜਿਸ ਵਿਚ ਮਿਨੇਸੋਟਾ ਦੇ ਪ੍ਰਤੀਨਿਧੀ ਡੀਨ ਫਿਲਿਪਸ ਅਤੇ ਲੇਖਕ ਮਾਰੀਅਨ ਵਿਲੀਅਮਸਨ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਬਾਇਡਨ ਪਾਰਟੀ ਵੱਲੋਂ ਚੋਟੀ ਦੇ ਉਮੀਦਵਾਰ ਹਨ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਵੀ ਸਾਊਥ ਕੈਰੋਲੀਨਾ ਪ੍ਰਾਇਮਰੀ ਚੋਣਾਂ ਨੇ ਬਾਇਡਨ ਨੂੰ ਪਾਰਟੀ ਉਮੀਦਵਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਪ੍ਰਾਇਮਰੀ ਚੋਣ ‘ਚ ਬਾਇਡਨ ਨੂੰ 96.2 ਫੀਸਦੀ ਵੋਟਾਂ ਮਿਲੀਆਂ, ਜਦਕਿ ਵਿਲੀਅਮਸਨ ਨੂੰ ਸਿਰਫ 21 ਫੀਸਦੀ ਵੋਟਾਂ ਮਿਲੀਆਂ। ਫਿਲਿਪਸ ਤੀਜੇ ਸਥਾਨ ‘ਤੇ ਰਿਹਾ। ਸੂਬੇ ਵਿਚ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ 24 ਫਰਵਰੀ ਨੂੰ ਹੋਣੀਆਂ ਹਨ।
ਰਾਸ਼ਟਰਪਤੀ ਬਾਇਡਨ ਨੇ ਦੱਖਣੀ ਕੈਰੋਲੀਨਾ ‘ਚ ਹਾਸਲ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਮੁਹਿੰਮ ਨੂੰ ਸਫਲਤਾ ਦੇ ਰਾਹ ‘ਤੇ ਲੈ ਜਾਵੇਗੀ। ਦੱਖਣੀ ਕੈਰੋਲੀਨਾ ਵਿਚ ਡੈਮੋਕਰੇਟਿਕ ਪ੍ਰਾਇਮਰੀ ਚੋਣ ਜਿੱਤਣ ‘ਤੇ ਬਾਇਡਨ ਨੂੰ ਇਸ ਚੋਣ ਵਿਚ ਠੋਸ ਜਿੱਤ ਮਿਲੀ ਹੈ, ਜੋ ਪ੍ਰਾਇਮਰੀ ਵਿਚ ਉਨ੍ਹਾਂ ਦੀ ਮਦਦ ਕਰੇਗੀ। ਰਾਸ਼ਟਰਪਤੀ ਬਾਇਡਨ ਨੇ ਇਸ ਚੋਣ ਪ੍ਰਚਾਰ ਵਿਚ ਭਾਰੀ ਨਿਵੇਸ਼ ਕੀਤਾ ਹੈ, ਤਾਂ ਜੋ ਉਹ ਵੱਧ ਤੋਂ ਵੱਧ ਵੋਟਾਂ ਹਾਸਲ ਕਰ ਸਕਣ। ਉਹ ਖਾਸ ਤੌਰ ‘ਤੇ ਗੈਰ ਗੋਰੇ ਮੂਲ ਦੇ ਵੋਟਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।