#AMERICA

ਜੇ ਈਰਾਨ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਹਿੰਸਾ ਕਰਦਾ ਹੈ, ਤਾਂ ਵਾਸ਼ਿੰਗਟਨ ਚੁੱਪ ਨਹੀਂ ਬੈਠੇਗਾ : ਟਰੰਪ

ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)- ਵੈਨੇਜ਼ੁਏਲਾ ‘ਤੇ ਸਟ੍ਰਾਈਕ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਵਿੱਚ ਜਾਰੀ ਅਸ਼ਾਂਤੀ ਦੇ ਮਾਹੌਲ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਆਪਣੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਦਾ ਹੈ, ਤਾਂ ਅਮਰੀਕਾ ਇਸ ਵਿਚ ਦਖ਼ਲ ਦੇਵੇਗਾ। ਟਰੰਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਦਖ਼ਲਅੰਦਾਜ਼ੀ ਦਾ ਮਤਲਬ ਈਰਾਨੀ ਜ਼ਮੀਨ ‘ਤੇ ਅਮਰੀਕੀ ਸੈਨਿਕਾਂ ਦੀ ਤੈਨਾਤੀ ਨਹੀਂ ਹੋਵੇਗਾ, ਬਲਕਿ ਇਸ ਦਾ ਉਦੇਸ਼ ਈਰਾਨ ਨੂੰ ਉੱਥੇ ਸੱਟ ਮਾਰਨਾ ਹੈ, ਜਿੱਥੇ ਉਸ ਨੂੰ ਸਭ ਤੋਂ ਵੱਧ ਦਰਦ ਹੋਵੇਗਾ।
ਰਾਸ਼ਟਰਪਤੀ ਟਰੰਪ ਅਤੇ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਹਿੰਸਾ ਕਰਦਾ ਹੈ, ਤਾਂ ਵਾਸ਼ਿੰਗਟਨ ਚੁੱਪ ਨਹੀਂ ਬੈਠੇਗਾ ਅਤੇ ਕਾਰਵਾਈ ਕਰੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਪ੍ਰਸ਼ਾਸਨ ਦੇ ਇਨ੍ਹਾਂ ਬਿਆਨਾਂ ਨੂੰ ”ਦਖ਼ਲਅੰਦਾਜ਼ੀ ਅਤੇ ਗੁੰਮਰਾਹਕੁੰਨ” ਦੱਸਦਿਆਂ ਇਨ੍ਹਾਂ ਦੀ ਸਖ਼ਤ ਨਿੰਦਾ ਕੀਤੀ ਹੈ। ਈਰਾਨ ਦਾ ਮੰਨਣਾ ਹੈ ਕਿ ਅਜਿਹੇ ਬਿਆਨ ਈਰਾਨੀ ਲੋਕਾਂ ਪ੍ਰਤੀ ਅਮਰੀਕਾ ਦੀ ਨਿਰੰਤਰ ਦੁਸ਼ਮਣੀ ਦਾ ਸਬੂਤ ਹਨ।
ਜ਼ਿਕਰਯੋਗ ਹੈ ਕਿ ਈਰਾਨ ਵਿਚ ਦਸੰਬਰ ਦੇ ਅਖੀਰ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜਿਸ ਦਾ ਮੁੱਖ ਕਾਰਨ ਈਰਾਨੀ ਰੀਆਲ ਦੀ ਕੀਮਤ ਵਿਚ ਭਾਰੀ ਗਿਰਾਵਟ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਰਥਿਕ ਤੰਗੀ ਹੈ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਦਾ ਕੋਈ ਅਧਿਕਾਰਤ ਅੰਕੜਾ ਉਪਲਬਧ ਨਹੀਂ ਹੈ, ਪਰ ਵੱਖ-ਵੱਖ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਸਮੇਤ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨੀ ਅਧਿਕਾਰੀਆਂ ਨੇ ਲੋਕਾਂ ਦੀਆਂ ਆਰਥਿਕ ਸ਼ਿਕਾਇਤਾਂ ਨੂੰ ਦੂਰ ਕਰਨ ਦੀ ਗੱਲ ਤਾਂ ਕਹੀ ਹੈ, ਪਰ ਨਾਲ ਹੀ ਹਿੰਸਾ ਅਤੇ ਭੰਨ-ਤੋੜ ਖ਼ਿਲਾਫ਼ ਸਖ਼ਤ ਚਿਤਾਵਨੀ ਵੀ ਦਿੱਤੀ ਹੈ।