#AMERICA

‘ਜੇਕਰ ਕੈਨੇਡਾ ਨੇ ਯੂ.ਐੱਸ. ‘ਤੇ ਹਮਲਾ ਕੀਤਾ, ਤਾਂ ਉਸ ਦਾ ਵਜੂਦ ਖ਼ਤਮ’ : ਨਿਊਯਾਰਕ ਗਵਰਨਰ  ਦਾ ਵੱਡਾ ਬਿਆਨ

ਨਿਊਯਾਰਕ, 19 ਫਰਵਰੀ (ਪੰਜਾਬ ਮੇਲ)- ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗਾਜ਼ਾ ‘ਤੇ ਇਜ਼ਰਾਈਲ ਦੇ ਮੌਜੂਦਾ ਹਮਲੇ ਦੇ ਬਚਾਅ ‘ਚ ਵੱਡਾ ਬਿਆਨ ਦਿੱਤਾ ਹੈ। ਡੈਮੋਕਰੇਟ ਪਾਰਟੀ ਦੀ ਹੋਚੁਲ ਨੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਬਚਾਅ ਕੀਤਾ। ਨਿਊਯਾਰਕ ਵਿਚ ਯੂ.ਜੇ.ਏ. ਫੈਡਰੇਸ਼ਨ ਨੂੰ ਦਿੱਤੇ ਇੱਕ ਭਾਸ਼ਣ ਵਿਚ ਡੈਮੋਕਰੇਟਿਕ ਗਵਰਨਰ ਨੇ ਇੱਕ ਉਦਾਹਰਣ ਦਿੰਦੇ ਹੋਏ ਇਹ ਗੱਲ ਕਹੀ। ਹੋਚੁਲ ਨੇ ਕਿਹਾ ਕਿ ‘ਜੇਕਰ ਕੈਨੇਡਾ ਕਦੇ ਬਫੇਲੋ ਸ਼ਹਿਰ ‘ਤੇ ਹਮਲਾ ਕਰਦਾ ਹੈ, ਤਾਂ ਮੁਆਫ਼ ਕਰਨਾ ਮੇਰੇ ਦੋਸਤੋ, ਪਰ ਅਗਲੇ ਦਿਨ ਕੈਨੇਡਾ ਨਹੀਂ ਹੋਵੇਗਾ।’ ਹੋਚੁਲ ਨੇ ਕਿਹਾ ਕਿ ਹਮਾਸ ਇਕ ‘ਅੱਤਵਾਦੀ ਸੰਗਠਨ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।’ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਦੇਸ਼ ਨੂੰ ਉਨ੍ਹਾਂ ‘ਤੇ ਮੰਡਰਾ ਰਹੇ ਖਤਰੇ ਦੇ ਨਾਲ ਨਹੀਂ ਰਹਿਣਾ ਚਾਹੀਦਾ।
ਨਿਊਯਾਰਕ ਦੀਦ ਗਵਰਨਰ ਹੋਚੁਲ ਨੇ ਕਿਹਾ ਕਿ ਉਸ ਦੇ ਰਾਜ ਦੇ ਲੋਕਾਂ ਨੂੰ ਹਮਾਸ ਅਤੇ ਇਜ਼ਰਾਈਲ ਵਿਚਾਲੇ ਸਥਿਤੀ ਨੂੰ ਸਮਝਣਾ ਚਾਹੀਦਾ ਹੈ। ਡੈਮੋਕਰੇਟ ਗਵਰਨਰ ਨੇ ਅੱਗੇ ਕਿਹਾ, ”ਇਸ ਬਾਰੇ ਸੋਚੋ। ਇਹ ਇੱਕ ਸੁਭਾਵਿਕ ਪ੍ਰਤੀਕਿਰਿਆ ਹੈ। ਤੁਹਾਨੂੰ ਆਪਣਾ ਬਚਾਅ ਕਰਨ ਅਤੇ ਇਹ ਯਕੀਨੀ ਬਣਾਉਣ ਦਾ ਅਧਿਕਾਰ ਹੈ ਕਿ ਅਜਿਹਾ ਦੁਬਾਰਾ ਨਾ ਹੋਵੇ।” ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ, ਉਸਨੇ ਯਹੂਦੀ ਰਾਜ ਲਈ ਸਮਰਥਨ ਜ਼ਾਹਰ ਕੀਤਾ।
ਜਿਵੇਂ ਕਿ ਇਜ਼ਰਾਈਲ-ਹਮਾਸ ਯੁੱਧ ਵਧਦਾ ਜਾ ਰਿਹਾ ਹੈ ਅਤੇ ਇਜ਼ਰਾਈਲ ਨੇ ਰਫਾਹ ਵਿਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਤਣਾਅ ਵਧ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਤੁਰੰਤ ਕਾਰਵਾਈ ਕੀਤੀ ਹੈ। ਇਜ਼ਰਾਈਲੀ ਨੇਤਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਗਾਜ਼ਾ ਵਿਚ ਆਪਣੇ ਹਮਲੇ ਨੂੰ ਘੱਟ ਕਰਨ ਅਤੇ ਇਸ ਲਈ ਰਾਹ ਤਿਆਰ ਕਰਨ। ਇਸ ਦੇ ਨਾਲ ਹੀ ਦੋ ਦੇਸ਼ਾਂ ਦੀ ਸਥਾਪਨਾ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹੋਰ ਨੇਤਾਵਾਂ ਨੇ ਸਾਰੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ।
ਫਲਸਤੀਨ ਨੇ ਕਿਹਾ ਕਿ ਇਜ਼ਰਾਈਲ ਕਦੇ ਵੀ ਇਸ ਮੁੱਦੇ ਦਾ ਸਮਰਥਨ ਨਹੀਂ ਕਰੇਗਾ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਗਾਜ਼ਾ ਪੱਟੀ ਵਿਚ ਆਪਣੀ ਫੌਜੀ ਕਾਰਵਾਈ ਉਦੋਂ ਤੱਕ ਜਾਰੀ ਰੱਖੇਗਾ, ਜਦੋਂ ਤੱਕ ਉਹ ਪੂਰੀ ਜਿੱਤ ਹਾਸਲ ਨਹੀਂ ਕਰ ਲੈਂਦਾ ਹੈ, ਜੋ ਕਿ ਇਜ਼ਰਾਈਲੀ ਨੇਤਾਵਾਂ ਅਨੁਸਾਰ ਸਿਰਫ ਕੁਝ ਮਹੀਨੇ ਦੂਰ ਹੈ। ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ‘ਚ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਅਤੇ ਸੈਂਕੜੇ ਲੋਕਾਂ ਨੂੰ ਬੰਧਕ ਬਣਾਏ ਜਾਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਤੇ ਜ਼ਬਰਦਸਤ ਜਵਾਬੀ ਹਮਲਾ ਕੀਤਾ, ਜਿਸ ਵਿਚ ਹਜ਼ਾਰਾਂ ਬੇਕਸੂਰ ਲੋਕਾਂ ਦੀ ਮੌਤ ਹੋ ਚੁੱਕੀ ਹੈ।