ਅਮਰੀਕੀ ਸਰਕਾਰ ਨਾਲ ਇਕ ਸਮਝੌਤੇ ਅਧੀਨ ਜਾਸੂਸੀ ਦੀ ਗੱਲ ਕੀਤੀ ਸਵੀਕਾਰ
ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕਾ ਦੀ ਜਾਸੂਸੀ ਦੇ ਦੋਸ਼ਾਂ ‘ਚ ਜੇਲ੍ਹ ‘ਚ ਬੰਦ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਮੰਗਲਵਾਰ ਨੂੰ 5 ਸਾਲ ਬਾਅਦ ਲੰਡਨ ਦੀ ਜੇਲ੍ਹ ਤੋਂ ਰਿਹਾਅ ਹੋ ਗਏ। ਉਨ੍ਹਾਂ ਨੇ ਅਮਰੀਕੀ ਸਰਕਾਰ ਨਾਲ ਇਕ ਸਮਝੌਤੇ ਦੇ ਅਧੀਨ ਜਾਸੂਸੀ ਦੀ ਗੱਲ ਸਵੀਕਾਰ ਕਰ ਲਈ ਹੈ। ਯੂ.ਐੱਸ. ਜ਼ਿਲ੍ਹਾ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ, 52 ਸਾਲ ਦੇ ਅਸਾਂਜੇ ਨੇ ਅਮਰੀਕਾ ਨਾਲ ਇਕ ਸਮਝੌਤਾ ਕੀਤਾ ਹੈ। ਇਸ ਦੇ ਅਧੀਨ ਉਹ ਬੁੱਧਵਾਰ ਨੂੰ ਅਮਰੀਕਾ ਦੀ ਸਾਈਪਨ ਕੋਰਟ ‘ਚ ਪੇਸ਼ ਹੋਣਗੇ। ਇੱਥੇ ਉਹ ਅਮਰੀਕਾ ਦੇ ਖੁਫ਼ੀਆ ਦਸਤਾਵੇਜ਼ਾਂ ਨੂੰ ਦਾਸਲ ਕਰਨ ਲਈ ਸਾਜਿਸ਼ ਰਚਣ ਦੇ ਦੋਸ਼ ਨੂੰ ਸਵੀਕਾਰ ਕਰਨਗੇ। ਦੋਸ਼ ਮੰਨਣ ਤੋਂ ਬਾਅਦ ਅਸਾਂਜੇ ਨੂੰ 62 ਮਹੀਨੇ (5 ਸਾਲ 2 ਮਹੀਨੇ) ਜੇਲ੍ਹ ਦੀ ਸਜ਼ਾ ਸੁਣਾਈ ਜਾਵੇਗੀ, ਜੋ ਉਹ ਪਹਿਲੇ ਹੀ ਪੂਰੀ ਕਰ ਚੁੱਕੇ ਹਨ। ਜੂਲੀਅਨ ਹੁਣ ਤੱਕ ਬ੍ਰਿਟਿਸ਼ ਜੇਲ੍ਹ ‘ਚ 1901 ਦਿਨ ਦੀ ਸਜ਼ਾ ਕੱਟ ਚੁੱਕੇ ਹਨ। ਅਮਰੀਕਾ ਨਾਲ ਕੀਤੇ ਗਏ ਸਮਝੌਤੇ ਤੋਂ ਬਾਅਦ ਉਨ੍ਹਾਂ ਨੂੰ ਬ੍ਰਿਟੇਨ ਦੀ ਹਾਈ-ਸਕਿਓਰਿਟੀ ਜੇਲ੍ਹ ਬੇਲਮਾਰਸ਼ ਤੋਂ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇੱਥੋਂ ਉਹ ਸਿੱਧੇ ਆਪਣੇ ਦੇਸ਼ ਆਸਟ੍ਰੇਲੀਆ ਲਈ ਰਵਾਨਾ ਹੋ ਗਏ।