#AMERICA

ਜੂਨ 84 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਅਮਰੀਕੀ ਸਦਨ ਵਿਖੇ ਹੋਇਆ ਅਰਦਾਸ ਸਮਾਗਮ

-ਸਮੂਹ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
ਵਾਸ਼ਿੰਗਟਨ ਡੀ.ਸੀ., 19 ਜੂਨ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਸਮਾਗਮ ਕੀਤੇ ਗਏ। ਡਾ. ਪ੍ਰਿਤਪਾਲ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ ਅਤੇ ਜਗਰਾਜ ਸਿੰਘ ਹੋਰਾਂ ਨੇ ‘ਪੰਜਾਬ ਮੇਲ’ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੋ ਦਿਨ ਚੱਲੇ ਇਨ੍ਹਾਂ ਸਮਾਗਮਾਂ ਵਿਚ ਬਹੁ ਧਰਮੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ-ਨਾਲ ਅਮਰੀਕਨ ਕਾਂਗਰਸ ਮੈਂਬਰ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਅਮਰੀਕੀ ਸਦਨ ਦੇ ਹਾਊਸ ਆਫ਼ ਰਿਪ੍ਰੀਜ਼ੈਂਟੇਟਿਵਜ਼ ਵਿਖੇ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਉਪਰ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਗਿਆ। ਇਸ ਸਮਾਗਮ ਦੀ 40ਵੀਂ ਵਰ੍ਹੇਗੰਢ ਮੌਕੇ ਸਦਨ ਦੇ ਅੰਦਰ ਭਾਈ ਮੋਹਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇੱਥੇ ਇਹ ਜ਼ਿਕਰਯੋਗ ਹੈ ਕਿ ਹਾਊਸ ਦੇ ਸਪੀਕਰ ਖੁਦ ਭਾਈ ਸਾਹਿਬ ਨੂੰ ਸਦਨ ਦੇ ਅੰਦਰ ਲੈ ਕੇ ਆਏ। ਅਰਦਾਸ ਉਪਰੰਤ ਵੱਖ-ਵੱਖ ਕਾਂਗਰਸਮੈਨਾਂ ਵੱਲੋਂ ਜੂਨ 84 ਮੌਕੇ ਵੱਖ-ਵੱਖ ਗੁਰਦੁਆਰਿਆਂ ਉਪਰ ਹੋਏ ਹਮਲਿਆਂ ਦੀ ਨਿਖੇਧੀ ਕੀਤੀ ਗਈ।
ਅਮਰੀਕਨ ਆਗੂਆਂ ਵਿਚ ਕੈਥਰੀਨ ਕਲਾਰਕ, ਟੌਮ ਐਮਰਜ (ਮਜੌਰਟੀ ਵਿਹਪ, ਮਿਨੀਸੋਟਾ), ਡੈਨ ਨਿਊਹਾਊਸ (ਵਾਸ਼ਿੰਗਟਨ), ਐਲ ਗਰੀਨ (ਟੈਕਸਾਸ), ਡੌਨਲਡ ਨੌਰਕਰੌਸ (ਨਿਊ ਜਰਸੀ), ਪੀਟ ਸੈਸ਼ਨਜ਼ (ਟੈਕਸਾਸ), ਮੇਰੀ ਸਕਰੈਂਟਨ (ਪੈਨਿਸਲਵੇਨੀਆ), ਜੈਫ਼ ਐਂਡਰਿਊ (ਨਿਊ ਜਰਸੀ), ਬਰੈਂਡਨ ਬੌਇਲ (ਪੈਨਿਸਲਵੇਨੀਆ), ਕਾਂਗਰਸਮੈਨ ਵਾਲਾਡਾਓ, ਕਾਂਗਰਸਵੁਮੈਨ ਮੈਰੀ ਸਕੈਨਲੇਨ, ਯੂ.ਐੱਨ. ਅੰਡਰ ਸੈਕਟਰੀ ਜਨਰਲ ਅਲੀਸ ਨਡੇਰੀਟੂ, ਯੂ.ਐੱਨ. ਗਲੋਬਲ ਦੇ ਸਟੇਅਰਿੰਗ ਕਮੇਟੀ ਦੇ ਮੈਂਬਰ ਡਾ. ਇਕਤਿਦਾਰ ਚੀਮਾ, ਰਿਲੀਜ਼ਨ ਐਂਡ ਡਿਪਲੋਮੇਸੀ ਵੱਲੋਂ ਮਾਰਟਿਨ ਮਿਲਰ, ਇੰਟਰਨੈਸ਼ਨ ਬਾਈਬਲ ਐਡਵੋਕੇਸੀ ਸੈਂਟਰ ਵੱਲੋਂ ਕੈਨਨ ਜੋਸ਼ਵਾ ਜੌਹਨ ਅਤੇ ਐਨਥਨੀ ਵੈਨਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਾਰੇ ਹੀ ਅਮਰੀਕਨ ਕਾਂਗਰਸ ਮੈਂਬਰਾਂ ਅਤੇ ਅਮਰੀਕਾ ਭਰ ਤੋਂ ਪਹੁੰਚੇ ਹੋਏ ਸਿੱਖ ਲੀਡਰਾਂ ਨੇ 40 ਸਾਲ ਪਹਿਲਾਂ ਭਾਰਤੀ ਫ਼ੌਜ ਵਲੋਂ ਸਿੱਖਾਂ ਦੇ ਮੁਕੱਦਸ ਅਸਥਾਨਾਂ ‘ਤੇ ਹਮਲੇ ਅਤੇ ਅਣਗਿਣਤ ਬੇਗੁਨਾਹ ਸਿੱਖ ਸੰਗਤਾਂ ਦੀ ਬੇਰਹਿਮੀ ਨਾਲ ਕੀਤੀ ਕਤਲੋਗਾਰਤ ਲਈ ਭਾਰਤੀ ਫ਼ੌਜ ਅਤੇ ਸਰਕਾਰ ਦੀ ਭਰਵੀਂ ਨਿਖੇਧੀ ਕਰਦਿਆਂ ਰੱਜ ਕੇ ਲਾਹਨਤਾਂ ਪਾਈਆਂ ਅਤੇ ਇਸ ਨੂੰ ਸਿੱਖ ਕੌਮ ਲਈ ਨਾ ਭੁੱਲਣਯੋਗ ਵਰਤਾਰਾ ਦੱਸਿਆ।
ਤੀਜੇ ਘੱਲੂਘਾਰੇ ਦੇ 40 ਸਾਲ ਹੋ ਜਾਣ ‘ਤੇ ਸਿੱਖ ਕੌਮ ਜਦੋਂ ਇਹ ਲੇਖਾ-ਜੋਖਾ ਕਰਦੀ ਹੈ ਕਿ ਅੱਜ ਅਸੀਂ ਕਿਥੇ ਖੜ੍ਹੇ ਹਾਂ, ਤਾਂ ਕੌਮ ਵਲੋਂ ਵੱਖ-ਵੱਖ ਢੰਗਾਂ ਨਾਲ ਆਪਣੀ ਆਵਾਜ਼ ਅਤੇ ਮੁੱਦਿਆਂ ਨੂੰ ਲਗਾਤਾਰ ਚੁੱਕੇ ਜਾਣ ‘ਤੇ ਸੰਘਰਸ਼ ਦੀ ਲਗਾਤਾਰਤਾ ਬਣਾਈ ਰੱਖਣ ਲਈ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਹੋਰ ਜਥੇਬੰਦੀਆਂ ਜਿਵੇਂ ਅਮਰੀਕਨ ਸਿੱਖ ਕਾਕਸ ਕਮੇਟੀ ਨਾਲ ਮਿਲ ਕੇ ਹਮੇਸ਼ਾ ਸਿੱਖ ਸਰੋਕਾਰਾਂ ਲਈ ਯਤਨਸ਼ੀਲ ਰਹਿੰਦੀ ਹੈ।
ਇਸੇ ਲੜੀ ‘ਚ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕੀ ਸਦਨ ਵਿਚ ਘੱਲੂਘਾਰੇ ਦੇ 40ਵੇਂ ਸਾਲ ਨੂੰ ਸਮਰਪਿਤ ਇਹ ਪ੍ਰੋਗਰਾਮ ਦਾ ਆਯੋਜਨ ਕਰਵਾਉਣਾ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਕੌਮ ਵਾਸਤੇ ਇਕ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ਨਾਲ ਸਿੱਖ ਕੌਮ ਦੇ ਸੰਘਰਸ਼ ਅਤੇ ਕੌਮੀ ਬਿਰਤਾਂਤ ਨੂੰ ਦੁਨੀਆਂ ਸਾਹਮਣੇ ਹੋਰ ਮਜ਼ਬੂਤੀ ਨਾਲ ਰੱਖਣ ਦੀ ਮਦਦ ਮਿਲੇਗੀ।