#AMERICA

ਜਾਰਜੀਆ ਦਾ 10 ਸਾਲਾ ਕੈਂਸਰ ਸਰਵਾਈਵਰ ਆਰੀਆ ਪਟੇਲ ਇੱਕ ਦਿਨ ਲਈ ਪੁਲਿਸ ਅਧਿਕਾਰੀ ਬਣਿਆ

ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)-10 ਸਾਲਾ ਕੈਂਸਰ ਸਰਵਾਈਵਰ ਭਾਰਤੀ ਆਰੀਆ ਪਟੇਲ ਦੀ ਪੁਲਿਸ ਅਫਸਰ ਬਣਨ ਦੀ ਇੱਛਾ ਪੂਰੀ ਹੋਈ, ਜਦੋਂ ਉਸ ਨੇ ਇੱਕ ਦਿਨ ਦੀ ਡਿਊਟੀ ਦੌਰਾਨ ਖੋਜ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਫਾਇਰ ਫਾਈਟਿੰਗ ਵਿਚ ਵੀ ਹਿੱਸਾ ਲਿਆ। ਅਮਰੀਕਾ ਦੇ ਜਾਰਜੀਆ ‘ਚ ਰਹਿਣ ਵਾਲੇ ਗੁਜਰਾਤੀ ਮੂਲ ਦੇ ਆਰੀਆ ਪਟੇਲ ਨਾਂ ਦੇ ਲੜਕੇ ਨੇ ਕੈਂਸਰ ਨਾਲ ਪੂਰੀ ਤਾਕਤ ਨਾਲ ਲੜਿਆ ਹੈ ਅਤੇ ਇਸ ਨੂੰ ਹਰਾਇਆ ਹੈ। ਆਰੀਆ ਦੀ ਉਮਰ ਸਿਰਫ 10 ਸਾਲ ਦੇ ਕਰੀਬ ਹੈ। ਪਰ ਇੰਨੀ ਛੋਟੀ ਉਮਰ ਵਿਚ ਵੀ ਇਸ ਲੜਕੇ ਵਿਚ ਇੰਨੀ ਹਿੰਮਤ ਹੈ। ਉਸ ਦਾ ਜਨੂੰਨ ਅਜਿਹਾ ਹੈ ਕਿ ਉਸਨੂੰ ਦੇਖ ਕੇ ਕੋਈ ਨਹੀਂ ਦੱਸ ਸਕਦਾ ਕਿ ਉਹ ਕਦੇ ਕੈਂਸਰ ਦਾ ਮਰੀਜ਼ ਸੀ। ਛੋਟੀ ਉਮਰੇ ਆਰੀਆ ਦੀ ਇੱਛਾ ਵੱਡਾ ਹੋ ਕੇ ਪੁਲਿਸ ਅਫਸਰ ਬਣਨ ਦੀ ਸੀ, ਇਸ ਲਈ ਉਸਨੂੰ ਪੁਲਿਸ ਦੀ ਵਰਦੀ ਪਾਉਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ, ਪਰ ਹੁਣ ਆਰੀਆ ਪਟੇਲ ਦੀ ਇੱਛਾ ਪੂਰੀ ਹੋ ਗਈ ਹੈ। ਆਰੀਆ ਪਟੇਲ, ਜੋ ਬੀਤੇ ਸ਼ਨੀਵਾਰ ਨੂੰ ਜਾਰਜੀਆ ਦੇ ਕੋਬ ਕਾਉਂਟੀ ਪੁਲਿਸ ਵਿਭਾਗ ਵਿਚ ਵਰਦੀ ਵਿਚ ਦਫਤਰ ਪਹੁੰਚੇ ਸਨ, ਦਾ ਸਵਾਗਤ ਇੱਕ ਕਿਤਾਬ ਦੇ ਨਾਲ ਕੀਤਾ ਗਿਆ ਸੀ ਅਤੇ ਉਸ ਨੂੰ ਸਹੁੰ ਚੁਕਾਈ ਗਈ ਸੀ। ਇੱਕ ਖਿਡੌਣਾ ਬੰਦੂਕ ਦੇ ਨਾਲ-ਨਾਲ ਇੱਕ ਬੈਜ ਅਤੇ ਟੋਪੀ ਵੀ ਉਸ ਨੂੰ ਦਿੱਤੀ ਗਈ ਸੀ। ਕੈਂਸਰ ਨੂੰ ਮਾਤ ਦੇ ਕੇ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਦੇਖਣ ਵਾਲੇ ਆਰੀਆ ਦੇ ਜਨੂੰਨ ਨੂੰ ਸਲਾਮ ਕਰਦੇ ਹੋਏ, ਕੋਬ ਕਾਉਂਟੀ ਦੇ ਪਬਲਿਕ ਸੇਫਟੀ ਡਾਇਰੈਕਟਰ ਮਾਈਕ ਰਜਿਸਟਰ ਨੇ ਕਿਹਾ ਕਿ ਆਰੀਆ ਪਟੇਲ ਇਸ ਗੱਲ ਦੀ ਉੱਤਮ ਉਦਾਹਰਣ ਹੈ ਕਿ ਇੱਕ ਪੁਲਿਸ ਅਧਿਕਾਰੀ ਕਿਹੋ ਜਿਹਾ ਹੋਣਾ ਚਾਹੀਦਾ ਹੈ।