-ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਕੀਤਾ ਹੈਰਾਨ
ਚੰਡੀਗੜ੍ਹ, 18 ਦਸੰਬਰ (ਪੰਜਾਬ ਮੇਲ)-ਪੰਜਾਬ ‘ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸੀ ਤਸਵੀਰ ਨੂੰ ਨਵਾਂ ਰੁਖ਼ ਦਿੱਤਾ ਹੈ। ਜਿਥੇ ਇਨ੍ਹਾਂ ਚੋਣ ਨਤੀਜਿਆਂ ‘ਚ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਗਿਣਤੀ ‘ਚ ਜਿੱਤ ਦਰਜ ਕਰਵਾਈ ਹੈ, ਉਥੇ ਹੀ ਇਸ ਵਾਰ ਆਜ਼ਾਦ ਉਮੀਦਵਾਰਾਂ ਨੇ ਵੀ ਆਪਣਾ ਦਬਦਬਾ ਬਣਾਇਆ ਹੈ। ਹਾਲਾਂਕਿ ਕਈ ਥਾਵਾਂ ‘ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕਰਕੇ ਆਪਣੀ ਸਿਆਸੀ ਮੌਜੂਦਗੀ ਦਰਸਾਈ ਹੈ।
ਖ਼ਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬਲਾਕ ਸੰਮਤੀ ਦੇ 2838 ਜ਼ੋਨਾਂ ‘ਚੋਂ 2486 ਜ਼ੋਨਾਂ ‘ਤੇ ਹੋਈ ਚੋਣ ਦੇ ਐਲਾਨੇ ਗਏ 2097 ਜ਼ੋਨਾਂ ਦੇ ਨਤੀਜਿਆਂ ਮੁਤਾਬਕ ‘ਆਪ’ ਨੇ 1231 (892 ਜੇਤੂ ਤੇ 339 ਸਰਬਸੰਮਤੀ), ਕਾਂਗਰਸ ਨੂੰ 422 (419 ਜੇਤੂ ਤੇ 3 ਸਰਬਸੰਮਤੀ), ਅਕਾਲੀ ਦਲ (ਬ) ਨੂੰ 253, ਭਾਜਪਾ ਨੂੰ 49 ਤੇ ਹੋਰਾਂ ਨੂੰ 142 (132 ਜੇਤੂ ਤੇ 10 ਸਰਬਸੰਮਤੀ) ਜ਼ੋਨਾਂ ‘ਤੇ ਜਿੱਤ ਹਾਸਲ ਕੀਤੀ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ‘ਚੋਂ 346 ਜ਼ੋਨਾਂ ਲਈ ਹੋਈ ਚੋਣ ਦੇ ਘੋਸ਼ਿਤ 177 ਜ਼ੋਨਾਂ ਦੇ ਨਤੀਜਿਆਂ ‘ਚ ‘ਆਪ’ 120 (98 ਜੇਤੂ ਤੇ 22 ਸਰਬਸੰਮਤੀ), ਕਾਂਗਰਸ 27, ਸ਼੍ਰੋਮਣੀ ਅਕਾਲੀ ਦਲ 21 ਤੇ ਭਾਜਪਾ 0 ਅਤੇ 9 ਹੋਰਾਂ ਨੇ ਜਿੱਤ ਹਾਸਲ ਕਰ ਚੁੱਕੇ ਸਨ। ਜਦਕਿ ਬਾਕੀ ਰਹਿੰਦੇ ਜ਼ੋਨਾਂ ਦੀ ਗਿਣਤੀ ਅਜੇ ਜਾਰੀ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1259 ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਲਈ 8142 ਉਮੀਦਵਾਰਾਂ ਨੇ ਚੋਣ ਲੜੀ।
ਹਾਲਾਂਕਿ ਜ਼ਿਲ੍ਹਾ ਪ੍ਰੀਸ਼ਦ ਦੇ 15 ਅਤੇ ਬਲਾਕ ਸੰਮਤੀਆਂ ਦੇ 181 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਬਲਾਕ ਸੰਮਤੀ ਚੋਣਾਂ ਵਿਚ ‘ਆਪ’ ਦੇ ਕਈ ਦਿੱਗਜਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰੜ ਤੋਂ ‘ਆਪ’ ਹਾਰ ਗਈ, ਇਥੇ ਸ਼੍ਰੋਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੇ ਜਿੱਤ ਦਰਜ ਕੀਤੀ। ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਿੰਡ ਭਰਾਜ ‘ਚ ਵੀ ‘ਆਪ’ ਉਮੀਦਵਾਰ ਨੂੰ ਹਾਰ ਮਿਲੀ ਅਤੇ ਇਥੇ ਕਾਂਗਰਸ ਨੇ 25 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਚੋਣ ਪ੍ਰਚਾਰ ਦੌਰਾਨ ਨਰਿੰਦਰ ਕੌਰ ਭਰਾਜ ਦੇ 2 ਵੀਡੀਓ ਵੀ ਵਾਇਰਲ ਹੋਏ ਸਨ, ਜਿਨ੍ਹਾਂ ਵਿਚੋਂ ਇਕ ‘ਚ ਨੇਤਾਵਾਂ ਨੂੰ ਚਿਤਾਵਨੀ ਅਤੇ ਦੂਜੇ ‘ਚ ਉਨ੍ਹਾਂ ਦੇ ਕਰੀਬੀਆਂ ‘ਤੇ ਨਸ਼ਾ ਵੇਚਣ ਦੇ ਦੋਸ਼ ਲੱਗੇ ਸਨ। ਉਧਰ ‘ਆਪ’ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਤੋਂ ਵੀ ‘ਆਪ’ ਦਾ ਉਮੀਦਵਾਰ ਹਾਰ ਗਿਆ। ਕਾਂਗਰਸ ਵੱਲੋਂ ਇਸ ਨਤੀਜੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਂਦਿਆਂ ‘ਆਪ’ ‘ਤੇ ਤੰਜ਼ ਕੱਸਿਆ ਗਿਆ। ਕੋਟਕਪੂਰਾ ਤੋਂ ‘ਆਪ’ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ‘ਚ ਵੀ ‘ਆਪ’ ਉਮੀਦਵਾਰ ਬਲਾਕ ਸੰਮਤੀ ਚੋਣ ਹਾਰ ਗਈ। ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਨੇ 171 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਹਾਲਾਂਕਿ, ਸੰਗਰੂਰ ਜ਼ਿਲ੍ਹੇ ‘ਚ ਬਲਾਕ ਸੰਮਤੀ ਚੋਣਾਂ ‘ਚ ‘ਆਪ’ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ‘ਚ ਜਿੱਤ ਦਰਜ ਕਰਵਾਈ ਹੈ। ਮੋਗਾ ਜ਼ਿਲ੍ਹੇ ਦੀ ਬਲਾਕ ਸੰਮਤੀ ਦੌਲਤਪੁਰ ਜ਼ੋਨ ਵਿਚ ਸਥਿਤੀ ਕਾਫ਼ੀ ਰੌਚਕ ਬਣੀ ਰਹੀ। ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ 9 ਵੋਟਾਂ ਨਾਲ ਜਿੱਤ ਗਏ। ‘ਆਪ’ ਉਮੀਦਵਾਰ ਵਲੋਂ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ ਗਈ, ਪਰ ਮੁੜ ਹੋਈ ਗਿਣਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਫ਼ਰਕ 9 ਵੋਟਾਂ ਤੋਂ ਵੱਧ ਕੇ 34 ਵੋਟਾਂ ਹੋ ਗਿਆ। ਫ਼ਾਜ਼ਿਲਕਾ ਦੇ ਜਲਾਲਾਬਾਦ ਵਿਖੇ ਗਿਣਤੀ ਦੌਰਾਨ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਜਾਮ ਕਰ ਦਿੱਤਾ। ਵਰਕਰਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਗਿਣਤੀ ਕੇਂਦਰ ‘ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਅੰਦਰ ਗੜਬੜ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ‘ਆਪ’ ਨੂੰ ਸਭ ਤੋਂ ਵੱਧ ਸੀਟਾਂ

