ਲੁਧਿਆਣਾ, 5 ਨਵੰਬਰ (ਪੰਜਾਬ ਮੇਲ)- ਮਾਲਵੇ ਦੀ ਵਿਧਾਨ ਸਭਾ ਸੀਟ ਗਿੱਦੜਬਾਹਾ ‘ਤੇ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ, ਕਿਉਂਕਿ ਇਸ ਸੀਟ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਮੈਦਾਨ ਵਿਚ ਹੈ ਤੇ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਨੂੰ ਛੱਡ ਕੇ ‘ਆਪ’ ਦੀ ਗੱਡੀ ਚੜ੍ਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਭਾਜਪਾ ਦੇ ਉਮੀਦਵਾਰ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੈ।
ਇਸ ਸੀਟ ਤੋਂ ਅਕਾਲੀ ਦਲ ਚੋਣ ਮੈਦਾਨ ਤੋਂ ਐਤਕੀਂ ਬਾਹਰ ਹੈ, ਜਦੋਂ ਕਿ ਇਹੀ ਅਕਾਲੀ ਦਲ ਇੱਥੋਂ 30 ਸਾਲ ਪਹਿਲਾਂ ਕਾਂਗਰਸ ਨਾਲ ਵੱਕਾਰ ਦਾ ਸਵਾਲ ਬਣਾ ਕੇ ਲੜਿਆ ਸੀ ਤੇ ਮਨਪ੍ਰੀਤ ਬਾਦਲ ਵਿਧਾਇਕ ਬਣੇ ਸਨ, ਤਾਂ ਜਾ ਕੇ ਉਥੇ ਅਕਾਲੀ ਦਲ ਦੇ ਪੈਰ ਲੱਗੇ ਸਨ। ਪਰ ਹੁਣ 30 ਸਾਲਾਂ ਬਾਅਦ ਅਕਾਲੀ ਦਲ ਦੇ ਵੋਟਰ ਤੇ ਸਪੋਰਟਰ ਕਿਸ ਦੀ ਮਦਦ ਕਰਨਗੇ ਜਾਂ ਕਰ ਰਹੇ ਹਨ, ਇਹ ਤਾਂ ਉਨ੍ਹਾਂ ਦੇ ਢਿੱਡ ਦੀ ਗੱਲ ਹੈ। ਇਸ ਹਲਕੇ ਤੋਂ ਪਹਿਲਾਂ ਮਨਪ੍ਰੀਤ ਬਾਦਲ ਤੇ ਫਿਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਲਈ ਝੋਲਾ ਚੁੱਕ ਚੁੱਕੇ ਹਨ ਪਰ ਇਸ ਵਾਰ ਇਨ੍ਹਾਂ ਦੋਵਾਂ ਨੇਤਾਵਾਂ ਨੇ ਅਕਾਲੀ ਦਲ ਛੱਡ ਕੇ ਇਕ ਨੇ ਭਾਜਪਾ ਤੇ ਦੂਜੇ ਨੇ ‘ਆਪ’ ‘ਚ ਸ਼ਮੂਲੀਅਤ ਕਰ ਲਈ ਹੈ। ਹੁਣ ਇਸ ਹਲਕੇ ਦੇ ਪੱਕੇ ਕਾਂਗਰਸੀ ਤੇ ਪੱਕੇ ਭਾਜਪਾਈ ਅਤੇ ‘ਆਪ’ ਦੇ ਵਰਕਰ ਤਾਂ ਆਪਣੇ ਉਮੀਦਵਾਰ ਦੇ ਹੱਕ ‘ਚ ਭੁਗਤਣਗੇ ਪਰ ਅਕਾਲੀ ਵਰਕਰ ਤੇ ਨੇਤਾ ਕੀ ਰੰਗ ਦਿਖਾਉਂਦੇ ਹਨ, ਇਹ ਸਮੇਂ ਦੇ ਗਰਭ ‘ਚ ਹੈ।