#PUNJAB

ਜ਼ਿਮਨੀ ਚੋਣ ‘ਚ ਵੋਟਰ ਪੰਥਕ ਸਿਆਸਤ ਨੂੰ ਦੇਣਗੇ ਮੋੜਾ: ਬੀਬੀ ਜਗੀਰ ਕੌਰ

ਜਲੰਧਰ, 10 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਵੋਟਾਂ ਪੈਣ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਬੜੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵੋਟਾਂ ਪੰਜਾਬ ਦੀ ਪੰਥਕ ਸਿਆਸਤ ਨੂੰ ਮੋੜਾ ਦੇਣ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵੋਟਰ ਬੜੇ ਸੂਝਵਾਨ ਹਨ ਤੇ ਉਹ ਸਿਆਣਪ ਭਰਿਆ ਫੈਸਲਾ ਕਰਨਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਨੂੰ ਪਾਈ ਗਈ ਇੱਕ-ਇੱਕ ਵੋਟ ਪੰਥ ਤੇ ਪੰਜਾਬ ਦੀ ਸਿਆਸਤ ਨੂੰ ਇਤਿਹਾਸਕ ਮੋੜਾ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਵੋਟਾਂ ਇਤਿਹਾਸ ਬਣਾਉਣ ਵਿਚ ਭੂਮਿਕਾ ਨਿਭਾਉਂਦੀਆਂ ਹਨ, ਉਨ੍ਹਾਂ ਅੱਗੇ ਕਈ ਵਾਰ ਵੱਡੀਆਂ ਜਿੱਤਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤਾਂ ਪਹਿਲਾਂ ਹੀ ਬੜਾ ਸ਼ਾਨਾਂਮੱਤਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਉਪ ਚੋਣ ਨੇ ਅਕਾਲੀ ਲੀਡਰਸ਼ਿਪ ਨੂੰ ਵੀ ਨਵੇਂ ਰਸਤਿਆਂ ‘ਤੇ ਪਾ ਦੇਣਾ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਹਲਕੇ ਵਿਚ ਚੋਣ ਪ੍ਰਚਾਰ ਕੀਤਾ ਸੀ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਅਧਿਕਾਰਤ ਉਮੀਦਵਾਰ ਬੀਬੀ ਸੁਰਜੀਤ ਕੌਰ ਦਾ ਸਮਰਥਨ ਨਾ ਕਰਨ ਤੇ ਆਰਥਿਕ ਸਹਾਇਤਾ ਨਾ ਕਰਨ ਦੇ ਫੈਸਲੇ ਦਾ ਆਮ ਸਿੱਖਾਂ ਨੇ ਬਹੁਤ ਬੁਰਾ ਮਨਾਇਆ ਹੈ। ਹਲਕੇ ਦੇ ਰਹਿਣ ਵਾਲੇ ਚਰਨਜੀਤ ਸਿੰਘ ਲਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 50 ਸਾਲਾਂ ਤੋਂ ਅਕਾਲੀ ਦਲ ਨੂੰ ਹੀ ਵੋਟ ਪਾਉਂਦਾ ਆ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਦੇ ਇੱਕ ਟਕਸਾਲੀ ਆਗੂ ਨੂੰ ਜਲੰਧਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਸੀ, ਤਦ ਵੀ ਉਨ੍ਹਾਂ ਦੇ ਪਰਿਵਾਰ ਨੇ ਇੱਕ-ਇੱਕ ਵੋਟ ਪੰਥ ਦੀ ਝੋਲੀ ਵਿਚ ਪਾਈ ਸੀ ਤੇ ਹੁਣ ਤਾਂ ਬੀਬੀ ਸੁਰਜੀਤ ਕੌਰ ਦਾ ਪਰਿਵਾਰ ਤਾਂ ਪਹਿਲਾਂ ਹੀ ਟਕਸਾਲੀ ਅਕਾਲੀਆਂ ਵਿਚ ਸ਼ਾਮਲ ਹੈ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਵਿਚ ਤਾਂ ਗਰੀਬ ਆਗੂਆਂ ਨੂੰ ਕਦੇ ਵਿਧਾਇਕ ਜਾਂ ਐੱਮ.ਪੀ. ਬਣਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਕਿਉਂਕਿ ਚੋਣ ਖਰਚਾ ਕਰਨ ਦੀ ਸਮਰੱਥਾ ਦੇਖ ਕੇ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਦਾ ਸਮਰਥਨ ਕਰਨ ਦੀ ਥਾਂ ਬਸਪਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਪਾਰਟੀ ਵਰਕਰ ਅਤੇ ਟਕਸਾਲੀ ਵੀ ਹੈਰਾਨ ਹਨ।