#PUNJAB ਜ਼ਿਮਨੀ ਚੋਣਾਂ: ਪੰਜਾਬ ਦੀਆਂ ਚਾਰ ਸੀਟਾਂ ’ਤੇ 45 ਉਮੀਦਵਾਰ ਮੈਦਾਨ ’ਚ PUNJAB MAIL USA / 2 months October 31, 2024 0 1 min read ਚੰਡੀਗੜ੍ਹ, 31 ਅਕਤੂਬਰ (ਪੰਜਾਬ ਮੇਲ)- ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਬਰਾੜ, ਬਰਨਾਲਾ ਤੋਂ ਗੁਰਪ੍ਰੀਤ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਸਿਮਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਗਿੱਦੜਬਾਹਾ ਅਤੇ ਬਰਨਾਲਾ ਵਿੱਚ ਸਭ ਤੋਂ ਵੱਧ 14-14 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਡੇਰਾ ਬਾਬਾ ਨਾਨਕ ਵਿੱਚ 11 ਅਤੇ ਚੱਬੇਵਾਲ ਤੋਂ 6 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਕੁੱਲ 60 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਉਨ੍ਹਾਂ ਵਿੱਚੋਂ 12 ਜਣਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਸੂਬੇ ਦੇ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ 831 ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਹਨ, ਜਿੱਥੇ ਕੁੱਲ 6 ਲੱਖ 96 ਹਜ਼ਾਰ 316 ਵੋਟਰ ਹਨ। ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 93 ਹਜ਼ਾਰ 268 ਹੈ ਜਦਕਿ ਚੱਬੇਵਾਲ (ਐੱਸਸੀ) ਵਿੱਚ 1 ਲੱਖ 59 ਹਜ਼ਾਰ 254 ਵੋਟਰ ਹਨ। ਗਿੱਦੜਬਾਹਾ ਵਿੱਚ 1 ਲੱਖ 66 ਹਜ਼ਾਰ 489 ਅਤੇ ਬਰਨਾਲਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 77 ਹਜ਼ਾਰ 305 ਹੈ। ਚਾਰੋਂ ਹਲਕਿਆਂ ’ਚ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ। Share: