ਲੁਧਿਆਣਾ, 23 ਅਕਤੂਬਰ (ਪੰਜਾਬ ਮੇਲ)- ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਲੁਧਿਆਣਾ ‘ਚ ਕਾਂਗਰਸ ਦੋ ਗੁੱਟਾਂ ‘ਚ ਵੰਡੀ ਨਜ਼ਰ ਆ ਰਹੀ ਹੈ। ਇਸ ਵਿਚ ਇਕ ਪਾਸੇ ਸਾਬਕਾ ਮੇਅਰ ਬਲਕਾਰ ਸੰਧੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਇਸ਼ਵਰਜੋਤ ਸਿੰਘ ਚੀਮਾ ਵੱਲੋਂ ਬਰਨਾਲਾ ‘ਚ ਚੋਣ ਪ੍ਰਚਾਰ ਕਰਨ ਸਬੰਧੀ ਵਰਕਰਾਂ ਨਾਲ ਬੈਠਕ ਕੀਤੀ ਗਈ ਅਤੇ ਗਿੱਦੜਬਾਹਾ ਤੋਂ ਦੂਰ ਹੋਣ ਦਾ ਹਵਾਲਾ ਦਿੱਤਾ ਗਿਆ।
ਫਿਰ ਉਸ ਤੋਂ ਅਗਲੇ ਦਿਨ ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਦੇ ਅਤਿ-ਨਜ਼ਦੀਕੀ ਹਨ, ਉਨ੍ਹਾਂ ਵੱਲੋਂ ਆਪਣੇ ਸਾਊਥ ਸਿਟੀ ਸਥਿਤ ਦਫਤਰ ‘ਚ ਲੁਧਿਆਣਾ ਲੋਕ ਸਭਾ ਹਲਕੇ ਦੇ ਸਾਬਕਾ ਵਿਧਾਇਕਾਂ ਅਤੇ ਸੀਨੀਅਰ ਲੀਡਰਸ਼ਿਪ ਨਾਲ ਬੈਠਕ ਕਰ ਕੇ ਰਾਜਾ ਵੜਿੰਗ ਦੇ ਸਿਆਸੀ ਗੜ੍ਹ ਗਿੱਦੜਬਾਹਾ ‘ਚ ਚੋਣ ਪ੍ਰਚਾਰ ਲਈ ਡਿਊਟੀਆਂ ਲਗਾਈਆਂ ਗਈਆਂ ਹਨ।
ਹੁਣ ਇਸ ਨੂੰ ਲੈ ਕੇ ਲੁਧਿਆਣਾ ‘ਚ ਇਕ ਨਵੀਂ ਚਰਚਾ ਛਿੜ ਚੁੱਕੀ ਹੈ ਕਿ ਜੇਕਰ ਲੁਧਿਆਣਾ ਦੇ ਕਾਂਗਰਸੀ ਬਰਨਾਲਾ ਅਤੇ ਗਿੱਦੜਬਾਹਾ ‘ਚ ਚੋਣ ਪ੍ਰਚਾਰ ਕਰਨਗੇ, ਤਾਂ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ‘ਚ ਕਿਉਂ ਨਹੀਂ ਜਾਣਗੇ? ਜਦੋਂਕਿ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰਹੇ ਸੁਖਜਿੰਦਰ ਰੰਧਾਵਾ ਸੰਸਦ ਮੈਂਬਰ ਅਤੇ ਚੱਬੇਵਾਲ ਤੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਵਿਧਾਇਕ ਬਣਨ ਤੋਂ ਬਾਅਦ ‘ਆਪ’ ਵਿਚ ਜਾ ਕੇ ਸੰਸਦ ਮੈਂਬਰ ਬਣ ਚੁੱਕੇ ਹਨ।
ਇਨ੍ਹਾਂ ਦੋਵੇਂ ਸੀਟਾਂ ਜਿਨ੍ਹਾਂ ‘ਤੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਆਖਿਰ ਲੁਧਿਆਣਾ ਦੇ ਕਾਂਗਰਸੀ ਇਨ੍ਹਾਂ ਦੋਵਾਂ ਹਲਕਿਆਂ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ‘ਚ ਪ੍ਰਚਾਰ ਕਰਨ ਲਈ ਸਹਿਮਤ ਕਿਉਂ ਨਹੀਂ ਹੋ ਰਹੇ? ਇਸ ਸਬੰਧੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੀ ਚੰਗੀ ਤਰ੍ਹਾਂ ਦੱਸ ਸਕਦੀ ਹੈ।