#PUNJAB

ਜਸਟਿਸ ਜ਼ੋਰਾ ਸਿੰਘ ਨੇ ‘ਆਪ’ ਖ਼ਿਲਾਫ਼ ਚੁੱਕਿਆ ਝੰਡਾ

ਮੋਗਾ, 27 ਮਈ (ਪੰਜਾਬ ਮੇਲ)- ਬਰਗਾੜੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਘਟਨਾਵਾਂ ਦੀ ਬਤੌਰ ਕਮਿਸ਼ਨ ਜਾਂਚ ਕਰ ਚੁੱਕੇ ਅਤੇ ‘ਆਪ’ ਦੇ ਸੂਬਾ ਸੰਯੁਕਤ ਸਕੱਤਰ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਅਤੇ ‘ਲੋਕ-ਰਾਜ’ ਪੰਜਾਬ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਅਤੇ ‘ਉੱਤਮ-ਖੇਤੀ’ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਨੇ ਨਸਲਾਂ, ਫ਼ਸਲਾਂ ਤੇ ਪੰਜਾਬ ਬਚਾਉਣ ਲਈ ਕੁਰਬਾਨੀ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਇਸ ਮੌਕੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਦੀ ਪਤਨੀ ਸੰਦੀਪ ਕੌਰ, ਜੁਝਾਰੂ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹ, ਅਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਆਗੂ ਸੂਬੇਦਾਰ ਜਗਜੀਤ ਸਿੰਘ ਮੌਜੂਦ ਸਨ।
ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਨੇ ਦਾਅਵਾ ਕੀਤਾ ਕਿ ਮੌਜੂਦਾ ਸੂਬਾ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉੱਤਰੀ। ਉਨ੍ਹਾਂ ਕਿਹਾ ਕਿ ‘ਮਾਨ’ ਸਰਕਾਰ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਬਤੌਰ ਕਮਿਸ਼ਨ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਕੀਤੀ ਜਾਂਚ ਨੂੰ ਜਨਤਕ ਕੀਤਾ ਜਾਵੇਗਾ। ਸੂਬੇ ‘ਚ ਸਰਕਾਰ ਬਣਨ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਸੰਘਰਸ਼ਸ਼ੀਲ ਜੀਵਨ ਅਤੇ ਕੁਰਬਾਨੀ ਵਾਲੇ ਪਿਛੋਕੜ ਕਰਕੇ ਸਭ ਤੋਂ ਉੱਤਮ ਉਮੀਦਵਾਰ ਹੈ।