ਟੋਰਾਂਟੋ, 20 ਮਾਰਚ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਬਕਾ ਪਤਨੀ ਸੋਫੀ ਗ੍ਰੇਗੋਇਰੇ ਆਪਣਾ ਰਿਸ਼ਤਾ ਟੁੱਟਣ ਲਈ ਜ਼ਿੰਮੇਵਾਰ ਕਾਰਨਾਂ ਅਤੇ ਹੋਰ ਕਈ ਗੁੱਝੇ ਭੇਤਾਂ ਤੋਂ ਪਰਦਾ ਚੁੱਕਣ ਜਾ ਰਹੀ ਹੈ। ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਕਿਤਾਬ ਦਾ ਜ਼ਿਕਰ ਕਰਦਿਆਂ ਸੋਫੀ ਨੇ ਕਿਹਾ ਕਿ ਕੋਈ ਵੀ ਜੋੜਾ ਬਗੈਰ ਨਫ਼ਰਤ ਅਤੇ ਇਕ ਦੂਜੇ ‘ਤੇ ਦੋਸ਼ ਲਾਏ ਬਗੈਰ ਵੀ ਵੱਖ ਹੋ ਸਕਦਾ ਹੈ। ਰਿਪੋਰਟ ਮੁਤਾਬਕ ਸੋਫੀ ਦਾ ਮੰਨਣਾ ਹੈ ਕਿ ਸਭ ਤੋਂ ਦੁਖਦ ਪਲ ਉਹ ਹੁੰਦੇ ਹਨ, ਜਦੋਂ ਜਨਤਕ ਤੌਰ ‘ਤੇ ਤੋੜ-ਵਿਛੋੜੇ ਦਾ ਐਲਾਨ ਕੀਤਾ ਜਾਂਦਾ ਹੈ ਪਰ ਹੁਣ ਸਾਨੂੰ ਆਪਣੇ ਫ਼ੈਸਲੇ ‘ਤੇ ਅਫਸੋਸ ਨਹੀਂ ਹੋ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਉਹ ਜਸਟਿਨ ਟਰੂਡੋ ਨੂੰ ਮਿਲ ਕੇ ਹੁਣ ਵੀ ਹਾਸਾ ਮਜ਼ਾਕ ਕਰਦੀ ਹੈ। ਸੋਫੀ ਨੇ ਆਖਿਆ ਕਿ ਬਿਨਾਂ ਸ਼ੱਕ ਟਰੂਡੋ ਤੋਂ ਵੱਖ ਹੋਣ ਦਾ ਫ਼ੈਸਲਾ ਕਾਫੀ ਮੁਸ਼ਕਲ ਸੀ ਪਰ ਸੱਚਾਈ ਦਾ ਸਾਹਮਣਾ ਕਰਦਿਆਂ ਸਹੀ ਦੀ ਚੋਣ ਕਰਨੀ ਵੀ ਜ਼ਰੂਰੀ ਹੋ ਗਈ। ਉਨ੍ਹਾਂ ਕਿਹਾ, ”ਮੈਂ ਆਪਣੇ ਮਨ ਨਾਲ ਗੱਲਾਂ ਕੀਤੀਆਂ ਅਤੇ ਅੰਤ ਵਿਚ ਸਿੱਟਾ ਇਹੀ ਨਿਕਲਿਆ ਕਿ ਇਥੇ ਕੋਈ ਨਾ ਕੋਈ ਫ਼ੈਸਲਾ ਜ਼ਰੂਰ ਲੈਣਾ ਹੋਵੇਗਾ। ਸਿਰਫ ਐਨਾ ਹੀ ਨਹੀਂ, ਇਸ ਦੀ ਕੀਮਤ ਵੀ ਖ਼ੁਦ ਹੀ ਭੁਗਤਣੀ ਹੋਵੇਗੀ।” ਆਖਰਕਾਰ ਫ਼ੈਸਲਾ ਲੈ ਲਿਆ ਅਤੇ ਹੁਣ ਆਤਮਿਕ ਤਸੱਲੀ ਮਿਲ ਰਹੀ ਹੈ। ਇਕ ਵਾਰ ਮਨ ਕਾਹਲਾ ਜ਼ਰੂਰ ਪਿਆ ਪਰ ਹੁਣ ਸਭ ਠੀਕ ਹੋ ਚੁੱਕਾ ਹੈ। ਜਸਟਿਨ ਟਰੂਡੋ ਨਾਲ ਹਾਸਿਆਂ ਦਾ ਦੌਰ ਭਵਿੱਖ ਵਿਚ ਵੀ ਚੱਲਦਾ ਰਹੇਗਾ। ਇੱਥੇ ਦੱਸਣਾ ਬਣਦਾ ਹੈ ਕਿ ਰਿਸ਼ਤਾ ਟੁੱਟਣ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੋਫੀ ਗ੍ਰੇਗੋਇਰੇ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਬੀ.ਸੀ. ਦੇ ਟੌਫੀਨੋ ਗਏ ਸਨ। ਸੋਫੀ ਗ੍ਰੇਗੋਇਰੇ ਦੀ ਕਿਤਾਬ 23 ਅਪ੍ਰੈਲ ਨੂੰ ਬਾਜ਼ਾਰ ਵਿਚ ਆਉਣ ਦੇ ਸੰਕੇਤ ਮਿਲ ਰਹੇ ਹਨ।